ਸੰਤੋਖ ਗਿੱਲ
ਗੁਰੂਸਰ ਸੁਧਾਰ, 26 ਜੂਨ
ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਣੀਆਂ ਵਾਸੀ ਕਮਲਜੀਤ ਕੌਰ ਆਪਣੇ ਸਹੁਰਾ ਪਰਿਵਾਰ ਦਾ 37 ਲੱਖ ਰੁਪਏ ਖ਼ਰਚ ਕਰਵਾ ਕੇ ਖ਼ੁਦ ਤਾਂ ਕੈਨੇਡਾ ਪਹੁੰਚ ਗਈ, ਪਰ ਚਾਰ ਸਾਲ ਬੀਤਣ ਦੇ ਬਾਵਜੂਦ ਰਾਜੋਆਣਾ ਖ਼ੁਰਦ ਵਾਸੀ ਆਪਣੇ ਪਤੀ ਕਰਮਜੀਤ ਸਿੰਘ ਨੂੰ ਕੈਨੇਡਾ ਬੁਲਾਉਣ ਦੀ ਥਾਂ ਤਲਾਕ ਦਾ ਨੋਟਿਸ ਭੇਜ ਦਿੱਤਾ। ਪੀੜਤ ਕਰਮਜੀਤ ਸਿੰਘ ਦੇ ਪਿਤਾ ਬਚਿੱਤਰ ਸਿੰਘ ਦੀ ਲਿਖਤੀ ਸ਼ਿਕਾਇਤ ਉੱਪਰ ਥਾਣਾ ਸੁਧਾਰ ਪੁਲੀਸ ਨੇ ਕਮਲਜੀਤ ਕੌਰ ਅਤੇ ਉਸ ਦੇ ਪਿਤਾ ਸਿਕੰਦਰ ਸਿੰਘ ਖ਼ਿਲਾਫ਼ ਅਪਰਾਧਿਕ ਸਾਜ਼ਿਸ਼ ਅਧੀਨ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਅਧੀਨ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਥਾਣਾ ਸੁਧਾਰ ਦੇ ਮੁਖੀ ਅਤੇ ਜਾਂਚ ਅਧਿਕਾਰੀ ਸਬ-ਇੰਸਪੈਕਟਰ ਜਸਵਿੰਦਰ ਸਿੰਘ ਅਨੁਸਾਰ ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਵੱਲੋਂ ਸ਼ਿਕਾਇਤ ਦੀ ਜਾਂਚ ਉਪ ਪੁਲੀਸ ਕਪਤਾਨ ਦਾਖਾ ਜਤਿੰਦਰਪਾਲ ਸਿੰਘ ਨੂੰ ਸੌਂਪੀ ਗਈ ਸੀ। ਜਾਂਚ ਦੌਰਾਨ ਦੋਸ਼ਾਂ ਦੀ ਪੁਸ਼ਟੀ ਬਾਅਦ ਜ਼ਿਲ੍ਹਾ ਅਟਾਰਨੀ ਦੀ ਰਾਏ ਅਨੁਸਾਰ ਕੇਸ ਦਰਜ ਕੀਤਾ ਗਿਆ ਹੈ। ਜਾਂਚ ਅਫ਼ਸਰ ਜਸਵਿੰਦਰ ਸਿੰਘ ਅਨੁਸਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਨੂੰਨੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਹੈ। ਬਚਿੱਤਰ ਸਿੰਘ ਅਨੁਸਾਰ ਦਸੰਬਰ 2020 ਵਿੱਚ ਕਰਮਜੀਤ ਸਿੰਘ ਦਾ ਵਿਆਹ ਕਮਲਜੀਤ ਕੌਰ ਨਾਲ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਵਿਆਹ ਤੋਂ ਪਹਿਲਾਂ ਹੀ 5 ਲੱਖ ਰੁਪਏ ਅਮਾਨਤ ਵਜੋਂ ਲਏ ਗਏ ਸਨ ਅਤੇ ਕੈਨੇਡਾ ਭੇਜਣ, ਪੜ੍ਹਾਈ ਅਤੇ ਰਿਹਾਇਸ਼ ਆਦਿ ਦੇ ਖ਼ਰਚੇ ਵਜੋਂ ਹੁਣ ਤੱਕ 32 ਲੱਖ ਰੁਪਏ ਖ਼ਰਚ ਕਰਵਾ ਦਿੱਤੇ ਗਏ।
ਉਨ੍ਹਾਂ ਦੋਸ਼ ਲਾਇਆ ਕਿ ਕਮਲਜੀਤ ਕੌਰ ਨੇ ਜਾਣਬੁੱਝ ਕੇ ਤਿੰਨ ਵਾਰ ਕਰਮਜੀਤ ਸਿੰਘ ਦਾ ਵੀਜ਼ਾ ਅਧੂਰੇ ਦਸਤਾਵੇਜ਼ਾਂ ਦੇ ਆਧਾਰ ’ਤੇ ਅਪਲਾਈ ਕੀਤਾ ਜੋ ਨਾਮਨਜ਼ੂਰ ਹੋਣ ਬਾਅਦ ਨਵੰਬਰ 2023 ਵਿੱਚ ਕਰਮਜੀਤ ਸਿੰਘ ਨੂੰ ਤਲਾਕ ਦਾ ਨੋਟਿਸ ਭੇਜ ਦਿੱਤਾ। ਉੱਧਰ ਖ਼ੁਦ ਨੂੰ ਅਣਵਿਆਹੀ ਦੱਸ ਕੇ ਕਮਲਜੀਤ ਕੌਰ ਨੇ ਪੁਲੀਸ ਕਮਿਸ਼ਨਰ ਲੁਧਿਆਣਾ ਕੋਲ ਪੁਲੀਸ ਕਲੀਅਰੈਂਸ ਲਈ ਦਰਖਾਸਤ ਵੀ ਦੇ ਦਿੱਤੀ, ਜੋ ਬਾਅਦ ਵਿੱਚ ਪੋਲ ਖੁੱਲ੍ਹਣ ਦੇ ਡਰੋਂ ਵਾਪਸ ਲੈ ਲਈ ਗਈ।