ਚਰਨਜੀਤ ਸਿੰਘ ਢਿੱਲੋਂ
ਜਗਰਾਉਂ ,15 ਜੂਨ
ਇੱਥੇ ਅੱਜ ਬਾਅਦ ਦੁਪਹਿਰ ਲੁਟੇਰੇ ਵੱਲੋਂ ਇੱਕ ਔਰਤ ਦੇ ਗਲੇ ਵਿੱਚ ਪਾਈ ਚੇਨ ਖੋਹਣ ਦਾ ਯਤਨ ਔਰਤ ਦੇ ਹੌਸਲੇ ਨੇ ਅਸਫ਼ਲ ਕਰ ਦਿੱਤਾ। ਇਹ ਘਟਨਾ ਥਾਣੇ ਤੋਂ ਮਹਿਜ਼ 300 ਗਜ਼ ਦੀ ਦੂਰੀ ’ਤੇ ਵਾਪਰੀ। ਮਾਮਲੇ ਨੂੰ ਪ੍ਰਤੱਖ ਦੇਖਣ ਵਾਲੇ ਦੁਕਾਨਦਾਰ ਰਾਜੂ ਨੇ ਦੱਸਿਆ ਕਿ ਦੋ ਔਰਤਾਂ ਸਰਾਂ ਵਾਲੇ ਪਾਸੇ ਤੋਂ ਮੁੱਖ ਬਜ਼ਾਰ ਵੱਲ ਜਾ ਰਹੀਆਂ ਸਨ।
ਉਨ੍ਹਾਂ ਵਿੱਚੋਂ ਇੱਕ ਦਾ ਪਤੀ ਸਰਾਂ ਵਾਲੀ ਪਾਰਕਿੰਗ ਵਿੱਚ ਕਾਰ ਖੜਾਉਣ ਲਈ ਗਿਆ ਤੇ ਉਹ ਬਜ਼ਾਰ ਵੱਲ ਨੂੰ ਤੁਰ ਪਈਆਂ। ਅਚਾਨਕ ਇੱਕ ਨੌਜਵਾਨ ਆਇਆ ਤੇ ਉਸ ਨੇ ਦੋਵਾਂ ਵਿੱਚੋਂ ਇੱਕ ਦੇ ਗੱਲ ਵਿੱਚ ਪਾਈ ਸੋਨੇ ਦੀ ਚੇਨ ਨੂੰ ਹੱਥ ਪਾ ਲਿਆ। ਉਸ ਔਰਤ ਨੇ ਘਬਰਾਉਣ ਦੀ ਥਾਂ ਚੇਨ ਨਾਂ ਛੱਡੀ ਤੇ ਉਸ ਦੀ ਸਾਥਣ ਲੁਟੇਰੇ ਦਾ ਮੁਕਾਬਲਾ ਕਰਨ ਲੱਗੀ । ਇਨ੍ਹੇ ਨੂੰ ਰੌਲਾ ਪੈ ਗਿਆ ਤੇ ਆਲੇ-ਦੁਆਲੇ ਦੇ ਦੁਕਾਨਦਾਰ ਬਾਹਰ ਆ ਗਏ। ਲੋਕਾਂ ਦਾ ਇਕੱਠ ਹੁੰਦਾ ਦੇਖ ਲੁਟੇਰਾ ਭੱਜ ਗਿਆ । ਮੌਕੇ ’ਤੇ ਹਾਜ਼ਰ ਦੁਕਾਨਦਾਰਾਂ ਨੇ ਦੱਸਿਆ ਕਿ ਬਾਜ਼ਾਰ ਵਿੱਚ ਰੋਜ਼ਾਨਾ ਅਜਿਹੀ ਲੁੱਟ ਖੋਹ ਦੀ ਘਟਨਾ ਵਾਪਰਦੀ ਹੈ।
ਅਜਿਹੀਆਂ ਘਟਨਾਵਾਂ ਨੂੰ ਲੈ ਕੇ ਬਜ਼ਾਰ ਆਉਣ ਵਾਲੇ ਲੋਕਾਂ ਖਾਸ-ਕਰ ਔਰਤਾਂ ਵਿੱਚ ਭਾਰੀ ਡਰ ਅਤੇ ਸਹਿਮ ਪਾਇਆ ਜਾ ਰਿਹਾ ਹੈ । ਦੁਕਾਨਦਾਰਾਂ ਦਾ ਕਹਿਣਾ ਸੀ ਕਿ ਜੇ ਦੋਵੇਂ ਔਰਤਾਂ ਦਲੇਰ ਨਾਂ ਹੁੰਦੀਆਂ ਤਾਂ ਲੁੱਟੇਰਾ ਚੇਨੀ ਖੋਹਣ ਵਿੱਚ ਕਾਮਯਾਬ ਹੋ ਸਕਦਾ ਸੀ। ਬਾਜ਼ਾਰਾਂ ਵਿੱਚ ਆਉਣ ਵਾਲੇ ਲੋਕਾਂ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਥਾਵਾਂ ’ਤੇ ਪੁਲੀਸ ਨੂੰ ਗਸ਼ਤ ਵਧਾਉਣੀ ਚਾਹੀਦੀ ਹੈ।