ਗਗਨਦੀਪ ਅਰੋੜਾ
ਲੁਧਿਆਣਾ, 17 ਅਪਰੈਲ
ਲੁਧਿਆਣਾ ਦੇ ਮਨਜੀਤ ਨਗਰ ਇਲਾਕੇ ਵਿੱਚ ਅੱਜ ਬਿਰਧ ਔਰਤਾਂ ਨੇ ਮੁਹੱਲੇ ਵਿੱਚ ਨਸ਼ਾ ਵਿੱਕਣ ਦੇ ਮੁੱਦੇ ’ਤੇ ਮੋਰਚਾ ਖੋਲ੍ਹ ਦਿੱਤਾ। ਔਰਤਾਂ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕਰ ਦਿੱਤੀ ਤੇ ਸਰਕਾਰ ਦੇ ਖ਼ਿਲਾਫ਼ ਭੜਾਸ ਕੱਢੀ। ਬਜ਼ੁਰਗ ਔਰਤਾਂ ਨੇ ਦੋਸ਼ ਲਗਾਏ ਕਿ ਉਨ੍ਹਾਂ ਦੇ ਮੁਹੱਲੇ ਵਿਚ ਸਰੇਆਮ ਨਸ਼ਾ ਵਿੱਕਦਾ ਹੈ, ਮੁਹੱਲੇ ਦੇ ਜ਼ਿਆਦਾਤਰ ਨੌਜਵਾਨ ਨਸ਼ਾ ਕਰਦੇ ਹਨ, ਇਸੇ ਕਰਕੇ ਮੁਹੱਲੇ ਵਿਚ ਹੁਣ ਤੱਕ 30 ਨੌਜਵਾਨਾਂ ਦੀ ਜਾਨ ਵੀ ਜਾ ਚੁੱਕੀ ਹੈ। ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਪੁਲੀਸ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ, ਜਿਸ ਤੋਂ ਬਾਅਦ ਪੁਲੀਸ ਨੇ ਇਲਾਕੇ ’ਚ ਵੱਡੀ ਗਿਣਤੀ ’ਚ ਪੁਲੀਸ ਫੋਰਸ ਨੂੰ ਭੇਜਿਆ ਅਤੇ ਮਨਜੀਤ ਨਗਰ ਦੇ ਦੋਵੇਂ ਫਾਟਕਾਂ ’ਤੇ ਨਾਕਾਬੰਦੀ ਕਰਵਾ ਦਿੱਤੀ। ਇੱਥੋਂ ਲੰਘਣ ਵਾਲੇ ਹਰ ਵਾਹਨ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ। ਇਸੇ ਦੌਰਾਨ ਪੁਲੀਸ ਦੇ ਵੱਲੋਂ ਮਨਜੀਤ ਨਗਰ ਦੀ ਗਲੀ ਨੰ. 1 ਤੋਂ ਲੈ ਕੇ 12 ਤੱਕ ਉਨ੍ਹਾਂ ਘਰਾਂ ਦੀ ਤਲਾਸ਼ੀ ਲਈ ਗਈ, ਜਿੱਥੇ ਪੁਲੀਸ ਨੂੰ ਸ਼ੱਕ ਸੀ ਕਿ ਨਸ਼ੇ ਦਾ ਵਪਾਰ ਚੱਲਦਾ ਹੈ। ਦੱਸ ਦਈਏ ਕਿ ਇਹ ਔਰਤਾਂ ਪਿਛਲੇ ਤਿੰਨ ਦਿਨ ਤੋਂ ਲਗਾਤਾਰ ਪੁਲੀਸ ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਕਰਨ ਦੇ ਦੋਸ਼ ਲਗਾ ਕੇ ਵੀਡੀਓ ਵਾਇਰਲ ਕਰ ਰਹੀਆਂ ਹਨ। ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਇਲਾਕੇ ’ਚ ਘਰਾਂ ਅੰਦਰ ਸਰਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਤਿੰਨ ਸ਼ੱਕੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ। ਜਿੰਨ੍ਹਾਂ ਬਾਰੇ ਪੂਰੀ ਜਾਂਚ ਕੀਤੀ ਜਾ ਰਹੀ ਹੈ।
ਪੰਜਾਹ ਹਜ਼ਾਰ ਲਿਟਰ ਲਾਹਣ ਸਣੇ ਅੱਠ ਗ੍ਰਿਫ਼ਤਾਰ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਐਂਟੀ ਸਮਗਲਿੰਗ ਸੈੱਲ ਦੀ ਪੁਲੀਸ ਵੱਲੋਂ ਨਾਜਾਇਜ਼ ਸ਼ਰਾਬ ਖ਼ਿਲਾਫ਼ ਮੁਹਿੰਮ ਤੇਜ਼ ਕੀਤੀ ਗਈ ਹੈ ਅਤੇ ਪੁਲੀਸ ਵੱਲੋਂ ਦੋ ਵੱਖ-ਵੱਖ ਥਾਵਾਂ ਤੋਂ 25 ਬੋਤਲਾਂ ਘਰ ਦੀ ਕੱਢੀ ਸ਼ਰਾਬ, 50 ਹਜ਼ਾਰ ਲਿਟਰ ਲਾਹਣ ਅਤ ਹੋਰ ਸਾਮਾਨ ਸਮੇਤ ਅੱਠ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਏਸੀਪੀ ਜੰਗ ਬਹਾਦਰ ਸ਼ਰਮਾ ਨੇ ਦੱਸਿਆ ਹੈ ਕਿ ਯਸ਼ਪਾਲ ਸ਼ਰਮਾ ਇੰਚਾਰਜ ਐਂਟੀ ਸਮਗਲਿੰਗ ਸੈੱਲ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਨੇ ਸਤਲੁਜ ਦਰਿਆ ਦੇ ਬੰਨ੍ਹ ਨੇੜੇ ਪੈਂਦੇ ਪਿੰਡਾਂ ਭੋਲੇਵਾਲ ਜਦੀਦ, ਰਜਾਪੁਰ ਅਤੇ ਖਹਿਰਾ ਬੇਟ ਵਿੱਚ ਕਾਰਵਾਈ ਕਰਦਿਆਂ ਨਾਜਾਇਜ਼ ਸ਼ਰਾਬ, ਲਾਹਣ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਏਐੱਸਆਈ ਦਵਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਭੋਲੇਵਾਲ ਜਦੀਦ ਅਤੇ ਰਜਾਪੁਰ ਵਿੱਖੇ ਕਾਰਵਾਈ ਕਰਕੇ ਕੇਨੀ ਵਿੱਚ ਰੱਖੀ 15 ਬੋਤਲਾਂ ਨਾਜਾਇਜ਼ ਸ਼ਰਾਬ, 27 ਹਜ਼ਾਰ ਲਿਟਰ ਲਾਹਣ, ਇੱਕ ਡਰੰਮ ਭੱਠੀ, ਪਤੀਲਾ, ਟਿਊਬ, ਪਾਈਪ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਖੰਡੀ, ਸੁਖਰਾਜ ਸਿੰਘ ਉਰਫ ਸੋਨੂੰ ਉਰਫ ਕੱਦੂ, ਛਿੰਦਾ ਅਤੇ ਜਗਦੀਸ਼ ਸਿੰਘ ਉਰਫ਼ ਸ਼ੌਂਕੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿੱਚ ਏਐੱਸਆਈ ਗੁਰਦੀਪ ਸਿੰਘ ਨੇ ਪਿੰਡ ਖਹਿਰਾ ਬੇਟ ਵਿੱਚ ਸਤਲੁਜ ਦਰਿਆ ਦੇ ਕਿਨਾਰੇ ਕਾਰਵਾਈ ਕਰਦਿਆਂ 10 ਬੋਤਲਾਂ ਨਾਜਾਇਜ਼ ਸ਼ਰਾਬ, 23 ਹਜ਼ਾਰ ਲਿਟਰ ਲਾਹਨ ਸਮੇਤ ਹੋਰ ਸਾਮਾਨ ਬਰਾਮਦ ਕਰ ਕੇ ਸੁਰਿੰਦਰ, ਚਮਕੌਰ ਸਿੰਘ ਉਰਫ਼ ਚਮਕੌਰੀ, ਕੁਲਦੀਪ ਸਿੰਘ ਅਤੇ ਬੂਟੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।