ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 20 ਨਵੰਬਰ
ਥਾਣਾ ਸੁਧਾਰ ਅਧੀਨ ਪਿੰਡ ਮੋਹੀ ਲਾਗੇ ਦੋ ਦਿਨ ਪਹਿਲਾਂ ਹਾਦਸੇ ਦਾ ਸ਼ਿਕਾਰ ਹੋਏ ਪਰਵਾਸੀ ਮਜ਼ਦੂਰ ਅਨਿਲ ਕੁਮਾਰ ਵਾਸੀ ਪਿੰਡ ਸੁਧਾਰ ਨੇ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਸੈਕਟਰ-32 ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਥਾਣਾ ਸੁਧਾਰ ਦੀ ਪੁਲੀਸ ਨੇ ਮ੍ਰਿਤਕ ਅਨਿਲ ਕੁਮਾਰ ਦੇ ਰਿਸ਼ਤੇਦਾਰ ਗੁੰਜਨ ਮਹਿਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। ਜਾਂਚ ਅਫ਼ਸਰ ਥਾਣੇਦਾਰ ਰਾਜਵੀਰ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਚੰਡੀਗੜ੍ਹ ਦੇ ਹਸਪਤਾਲ ਵਿੱਚ ਕਰਾਉਣ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਹਾਲਾਂਕਿ ਲਾਸ਼ ਦਾ ਸਸਕਾਰ ਹਾਲ ਦੀ ਘੜੀ ਨਹੀਂ ਕੀਤਾ ਗਿਆ। ਬਿਹਾਰ ਤੋਂ ਉਸ ਦੇ ਪਰਿਵਾਰਕ ਮੈਂਬਰਾਂ ਦੀ ਉਡੀਕ ਕੀਤੀ ਜਾ ਰਹੀ ਹੈ।
ਮ੍ਰਿਤਕ ਅਨਿਲ ਕੁਮਾਰ ਦੇ ਰਿਸ਼ਤੇਦਾਰ ਗੁੰਜਨ ਮਹਿਤਾ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਲਈ ਕਰਿਆਨੇ ਦਾ ਸਾਮਾਨ ਲੈ ਕੇ ਜੋਧਾਂ ਤੋਂ ਮੋਹੀ ਰਸਤੇ ਸੁਧਾਰ ਪਿੰਡ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਦਾ ਰਿਸ਼ਤੇਦਾਰ ਆਪਣੀ ਸਕੂਟਰੀ ਵਾਲੀ ਰੇਹੜੀ ’ਤੇ ਹਾਦਸੇ ਦਾ ਸ਼ਿਕਾਰ ਹੋ ਕੇ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਸੁਧਾਰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਪਹਿਲਾਂ ਲੁਧਿਆਣਾ ਸਿਵਲ ਹਸਪਤਾਲ ਅਤੇ ਬਾਅਦ ਵਿੱਚ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਇੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।
ਪੰਜਾਬ ਰੋਡਵੇਜ਼ ਦਾ ਟਾਇਰ ਫੱਟਣ ਕਾਰਨ ਲੜਕੀ ਜਖ਼ਮੀ
ਖੰਨਾ (ਨਿੱਜੀ ਪੱਤਰ ਪ੍ਰੇਰਕ): ਲੁਧਿਆਣਾ ਤੋਂ ਰਾਜਪੁਰਾ ਵੱਲ ਜਾ ਰਹੀ ਪੰਜਾਬ ਰੋਡਵੇਜ਼ ਬੱਸ ਦਾ ਖੰਨਾ ਨੇੜੇ ਪਿਛਲਾ ਟਾਇਰ ਫੱਟਣ ਕਾਰਨ ਵੱਡਾ ਧਮਾਕਾ ਹੋਇਆ। ਇਸ ਦੌਰਾਨ ਬੱਸ ਵਿਚ ਬੈਠੀ ਲੜਕੀ ਮਨਪ੍ਰੀਤ ਕੌਰ ਵਾਸੀ ਪਿੰਡ ਤੰਦਾ ਬੱਧਾ ਥਾਣਾ ਅਮਲੋਹ ਜ਼ਖ਼ਮੀ ਹੋ ਗਈ। ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਅਤੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਹੈ। ਇਸ ਦੌਰਾਨ ਬਾਕੀ ਸਵਾਰੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਦੀ ਬੱਸ ਦਾ ਪਿਛਲਾ ਟਾਇਰ ਫੱਟਣ ਕਾਰਨ ਬੱਸ ਦੇ ਅੰਦਰ ਲੱਗਿਆ ਲੋਹੇ ਦਾ ਫਰਸ਼ ਪਾੜ ਗਿਆ, ਜਿਸ ਕਾਰਨ ਸਵਾਰੀਆਂ ਨੂੰ ਸੱਟਾਂ ਲੱਗੀਆਂ। ਲੋਕਾਂ ਨੇ ਮੰਗ ਕੀਤੀ ਕਿ ਸਰਕਾਰ ਰੋਡਵੇਜ਼ ਦੀਆਂ ਬੱਸਾਂ ਦੀ ਮੁਰੰਮਤ ਕਰਵਾਏ ਅਤੇ ਖਸਤਾ ਹਾਲਤ ਟਾਇਰਾਂ ਨੂੰ ਬਦਲਿਆ ਜਾਵੇ। ਇਸ ਦੌਰਾਨ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਉਹ ਗ਼ਰੀਬ ਹਨ ਇਸ ਲਈ ਉਸ ਦੇ ਇਲਾਜ ਦਾ ਪੂਰਾ ਖਰਚਾ ਸਰਕਾਰ ਵੱਲੋਂ ਚੁੱਕਿਆ ਜਾਵੇ।
ਸੜਕ ਹਾਦਸੇ ਵਿੱਚ ਐਕਟਿਵਾ ਸਵਾਰ ਔਰਤ ਨੂੰ ਸੱਟਾਂ ਲੱਗੀਆਂ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਟਿੱਬਾ ਦੇ ਇਲਾਕੇ ਟਿੱਬਾ ਰੋਡ ਗੋਪਾਲ ਨਗਰ ਵਿੱਚ ਮੋਟਰਸਾਈਕਲ ਨਾਲ ਹੋਈ ਟੱਕਰ ਵਿੱਚ ਐਕਟਿਵਾ ਸਵਾਰ ਔਰਤ ਜ਼ਖ਼ਮੀ ਹੋ ਗਈ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਇਸ ਸਬੰਧੀ ਸ਼ਿਵ ਸ਼ੰਕਰ ਕਲੋਨੀ ਟਿੱਬਾ ਰੋਡ ਵਾਸੀ ਰਾਣੀ ਸਿੰਗਲਾ ਨੇ ਦੱਸਿਆ ਕਿ ਉਹ ਆਪਣੀ ਐਕਟਿਵਾ ’ਤੇ ਘਰ ਵਾਪਸ ਜਾ ਰਹੀ ਸੀ। ਇਸ ਦੌਰਾਨ ਟਿੱਬਾ ਰੋਡ, ਗੋਪਾਲ ਨਗਰ ਚੌਕ ਤੋਂ ਅੱਗੇ ਸਮਰ ਇਲੈਕਟ੍ਰੋਨਿਕਸ ਕੋਲ ਮੋਟਰਸਾਈਕਲ ਸਵਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਹ ਪ੍ਰਾਈਵੇਟ ਹਸਪਤਾਲ ਜ਼ੇਰੇ ਇਲਾਜ ਹੈ। ਥਾਣੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਚਾਲਕ ਰਾਮ ਕੁਮਾਰ ਵਾਸੀ ਮਹਾਤਮਾ ਕਲੋਨੀ ਖ਼ਿਲਾਫ਼ ਕੇਸ ਕੀਤਾ ਗਿਆ ਹੈ।