ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 14 ਸਤੰਬਰ
ਗੱਲਾ ਮਜ਼ਦੂਰ ਯੂਨੀਅਨ ਪੰਜਾਬ ਨੇ ਮੰਗਾਂ ਨਾ ਮੰਨੇ ਜਾਣ ’ਤੇ 17 ਸਤੰਬਰ ਤੋਂ ਮੰਡੀਆਂ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ। ਜਥੇਬੰਦੀ ਦੇ ਨੁਮਾਇੰਦਿਆਂ ਨੇ ਅੱਜ ਇੱਥੋਂ ਦੀ ਦਾਣਾ ਮੰਡੀ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਢੁੱਕਵੀਆਂ ਮੰਗਾਂ ਤੁਰੰਤ ਮੰਨੇ ਜਾਣ ਦੀ ਮੰਗ ਕੀਤੀ।
ਸੂਬਾ ਪ੍ਰਧਾਨ ਬਿਸਾਖਾ ਸਿੰਘ, ਪ੍ਰਧਾਨ ਦੇਵਰਾਜ, ਰਾਜਪਾਲ ਪਾਲਾ, ਸੋਨੀ ਕਲਿਆਣ ਅਤੇ ਗੁਰਮੇਲ ਸਿੰਘ ਮੱਲ੍ਹਾ ਨੇ ਕਿਹਾ ਕਿ ਮੰਡੀਆਂ ਵਿੱਚ ਮਜ਼ਦੂਰਾਂ ਦਾ ਪਿਛਲੇ ਲੰਬੇ ਸਮੇਂ ਮਿਹਨਤਾਨਾ ਉਹੀ ਚੱਲਿਆ ਆ ਰਿਹਾ ਹੈ। ਮਹਿੰਗਾਈ ਦੇ ਹਿਸਾਬ ਨਾਲ ਇਸ ਵਿੱਚ ਵਾਧਾ ਹੋਣਾ ਚਾਹੀਦਾ ਹੈ। ਉਨ੍ਹਾਂ ਗੱਲਾ ਮਜ਼ਦੂਰਾਂ ਦਾ ਵੀ ਹੋਰਨਾਂ ਮਜ਼ਦੂਰਾਂ ਵਾਂਗ ਈਪੀਐੱਫ ਫੰਡ ਕੱਟਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਵਿੱਚ ਮੰਡੀ ਬੋਰਡ ਆਪਣਾ ਹਿੱਸਾ ਪਾਵੇ। ਆਗੂਆਂ ਨੇ ਇਕ ਹੋਰ ਮਾਮਲਾ ਉਭਾਰਦਿਆਂ ਕਿਹਾ ਕਿ ਜਿਣਸਾਂ ਦੀ ਸਫ਼ਾਈ ਲਈ ਚੱਲਦੇ ਪੱਖਿਆਂ, ਜਰਨੇਟਰਾਂ ਤੇ ਡੀਜ਼ਲ ਦਾ ਖਰਚਾ ਮਜ਼ਦੂਰਾਂ ਸਿਰ ਧੱਕੇ ਨਾਲ ਪਾਇਆ ਜਾਂਦਾ ਹੈ, ਜੋ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਨੂੰ ਆੜ੍ਹਤੀ ਆਪਣੇ ਖਰਚੇ ’ਤੇ ਚਲਾਉਣ ਅਤੇ ਸਰਕਾਰ ਇਸ ਵਿੱਚ ਦਖ਼ਲ ਦੇ ਕੇ ਮਜ਼ਦੂਰਾਂ ਨੂੰ ਰਾਹਤ ਦੇਵੇ।
ਇਸੇ ਤਰ੍ਹਾਂ ਕਈ ਹਫ਼ਤੇ ਤੱਕ ਕਿਸੇ ਵੀ ਕਾਰਨ ਚੁਕਾਈ ਨਾ ਹੋਣ ’ਤੇ ਹੋਣ ਵਾਲੀ ਸ਼ਾਰਟੇਜ ਮਜ਼ਦੂਰਾਂ ਸਿਰ ਨਾ ਪਾਈ ਜਾਵੇ। ਉਨ੍ਹਾਂ ਕਿਹਾ ਕਿ ਇਹ ਜਾਇਜ਼ ਮੰਗਾਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਹਨ ਅਤੇ ਜੇਕਰ ਹੁਣ ਵੀ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਗੱਲਾ ਮਜ਼ਦੂਰ ਮੰਡੀਆਂ ਬੰਦ ਕਰਨ ਲਈ ਮਜਬੂਰ ਹੋਣਗੇ।