ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 20 ਅਗਸਤ
ਨਜ਼ਦੀਕੀ ਜੀਐੱਚਜੀ ਇੰਸਟੀਚਿਊਟ ਆਫ ਲਾਅ ਸਿੱਧਵਾਂ ਖੁਰਦ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਡਾਇਰੈਕਟਰ ਡਾ. ਐੱਸਕੇ ਨਾਇਕ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਸ਼ਵੇਤਾ ਢੰਡ ਦੀ ਅਗਵਾਈ ਹੇਠ ਸਾਉਣ ਮਹੀਨੇ ਦੀਆਂ ਖੁਸ਼ੀਆਂ ਅਤੇ ਖੇੜਿਆਂ ਦੇ ਪ੍ਰਤੀਕ ਤਿਉਹਾਰ ‘ਤੀਆਂ ਤੀਜ ਦੀਆਂ’ ਦਾ ਆਯੋਜਨ ਕੀਤਾ ਗਿਆ। ਬੀਏ ਐੱਲਐੱਲਬੀ ਦੀਆਂ ਨਵਰਿਧੀ ਅਤੇ ਫਰਹੀਨਾ ਨੇ ਬਾਖੂਬੀ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਤੀਆਂ ਦਾ ਤਿਉਹਾਰ ਸਾਉਣ ਮਹੀਨੇ ਦੀ ਚਾਨਣੀ ਤੀਜ ਤੋਂ ਆਰੰਭ ਹੁੰਦਾ ਹੈ। ਇਸ ਮੌਕੇ ਵਿਦਿਆਰਥੀਆਂ ਨੇ ਲੋਕ ਨਾਚ, ਗਰੁੱਪ ਡਾਂਸ, ਬੋਲੀਆਂ, ਗਿੱਧਾ, ਕਵਿਤਾਵਾਂ ਦੀ ਪੇਸ਼ਕਾਰੀ ਕੀਤੀ ਜਦਕਿ ਅਖੀਰ ’ਚ ਭੰਗੜੇ ਦਾ ਵੀ ਆਨੰਦ ਮਾਣਿਆ ਗਿਆ। ਮੁਕਾਬਲਿਆਂ ’ਚੋਂ ‘ਮਿਸ ਤੀਜ’ ਦਾ ਖ਼ਿਤਾਬ ਪੰਜਵੇਂ ਸਮੈਸਟਰ ਦੀ ਮਲਿਕਾ ਨੇ ਜਿੱਤਿਆ। ਸੁਖਮਨਪ੍ਰੀਤ ਕੌਰ ਨੇ ‘ਤੋਰ ਮਜਾਜਣ ਦੀ’ ਅਤੇ ਨੂਰਦੀਪ ਕੌਰ ਨੇ ‘ਪੰਜਾਬੀ ਪਹਿਰਾਵਾ’ ਦਾ ਖ਼ਿਤਾਬ ਜਿੱਤਿਆ।
ਸਮਰਾਲਾ (ਪੱਤਰ ਪ੍ਰੇਰਕ): ਸੰਜੀਵਨੀ ਗਰੁੱਪ ਆਫ਼ ਨਰਸਿੰਗ ਦਾਊਦਪੁਰ ਵਿੱਚ ਸਾਉਣ ਦੇ ਮਹੀਨੇ ਦੀ ਮਹੱਤਤਾ ਨੂੰ ਪੰਜਾਬੀ ਵਿਰਸੇ ਦੇ ਰੰਗ ਵਿੱਚ ਰੰਗ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਉਥੇ ਹੀ ਮਾਲਵਾ ਕਾਲਜ ਬੌਂਦਲੀ ਸਮਰਾਲਾ ਵਿੱਚ ਵੀ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਪ੍ਰੋਗਰਾਮ ਦੇ ਕਨਵੀਨਰ ਅਤੇ ਗਰਲਜ਼ ਵਿੰਗ ਦੇ ਇੰਚਾਰਜ ਡਾ. ਕੁਲਵਿੰਦਰ ਕੌਰ ਨੇ ਦੱਸਿਆ ਕਿ ਸਮਰਾਲਾ ਇਲਾਕੇ ਦੀਆਂ ਮਹਿਲਾਵਾਂ, ਕਾਲਜ ਦੀਆਂ ਮੌਜੂਦਾ ਅਤੇ ਪਾਸ ਹੋ ਚੁੱਕੀਆਂ ਵਿਦਿਆਰਥਣਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।
ਕਮਲਾ ਲੋਹਟੀਆ ਕਾਲਜ ’ਚ ਤੀਆਂ ਮਨਾਈਆਂ
ਲੁਧਿਆਣਾ (ਖੇਤਰੀ ਪ੍ਰਤੀਨਿਧ): ਸਥਾਨਕ ਕਮਲਾ ਲੋਹਟੀਆ ਐੱਸਡੀ ਕਾਲਜ ਵਿੱਚ ਤੀਆਂ ਦੇ ਤਿਉਹਾਰ ਮੌਕੇ ਪੰਜਾਬੀ ਲੋਕ ਗੀਤ, ਲੋਕ ਨਾਚ ਗਿੱਧਾ ਅਤੇ ਵੱਖ ਵੱਖ ਸਟਾਲ ਖਿੱਚ ਦਾ ਕੇਂਦਰ ਰਹੇ। ਇਸ ਸਮਾਗਮ ਵਿੱਚ ਇਨਕਮ ਟੈਕਸ ਵਿਭਾਗ ਦੀ ਡਿਪਟੀ ਕਮਿਸ਼ਨਰ ਸਮਨਦੀਪ ਕੌਰ ਗਰੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਮਿਸ ਤੀਜ ਦਾ ਮੁਕਾਬਲਾ ਬੀਏ ਤੀਜਾ ਸਾਲ ਦੀ ਪਲਕ ਨੇ ਜਿੱਤਿਆ, ਜਦੋਂਕਿ ਹਰਪ੍ਰੀਤ ਅਤੇ ਸ਼ਿਵਾਨੀ ਨੇ ਸੋਹਣੀ ਮੁਟਿਆਰ ਦੇ ਖਿਤਾਬ ਜਿੱਤੇ। ਸੋਹਣੇ ਪਹਿਰਾਵੇ ਦਾ ਖਿਤਾਬ ਸਿਮਰਨ ਨੂੰ ਮਿਲਿਆ।