ਸਤਵਿੰਦਰ ਬਸਰਾ
ਲੁਧਿਆਣਾ, 26 ਸਤੰਬਰ
ਪੰਜਾਬ ਪੁਲੀਸ ਵਿੱਚ ਕਾਂਸਟੇਬਲ ਦੀ ਭਰਤੀ ਲਈ ਅੱਜ ਦੂਜੇ ਦਿਨ ਵੀ ਸ਼ਹਿਰ ਦੇ ਵੱਖ-ਵੱਖ ਪ੍ਰੀਖਿਆ ਸੈਂਟਰਾਂ ਵਿੱਚ ਪ੍ਰੀਖਿਆ ਹੋਈ। ਇਹ ਪ੍ਰੀਖਿਆ ਦੇਣ ਦੂਰ-ਦੁਰਾਡੇ ਸ਼ਹਿਰਾਂ ਤੋਂ ਵੀ ਨੌਜਵਾਨ ਪਹੁੰਚੇ ਹੋਏ ਸਨ। ਸ਼ਹਿਰ ਦੇ ਬੱਸ ਸਟੈਂਡ, ਹੋਟਲ ਅਤੇ ਧਾਰਮਿਕ ਥਾਵਾਂ ’ਤੇ ਨੌਜਵਾਨਾਂ ਦੀ ਭੀੜ ਦੇਖਣ ਨੂੰ ਮਿਲੀ। ਕਈ ਨੌਜਵਾਨ ਤਾਂ ਬੱਸਾਂ ਦੀਆਂ ਛੱਤਾਂ ’ਤੇ ਬੈਠ ਕਿ ਘਰਾਂ ਨੂੰ ਜਾਂਦੇ ਦਿਖਾਈ ਦਿੱਤੇ। ਇਸ ਦੌਰਾਨ ਆਟੋ ਰਿਕਸ਼ਾ ਚਾਲਕਾਂ ਤੇ ਕਈ ਹੋਟਲਾਂ ਵਾਲਿਆਂ ਨੇ ਵੀ ਨੌਜਵਾਨਾਂ ਤੋਂ ਮੋਟੀ ਕਮਾਈ ਕੀਤੀ ਹੈ।
ਬਠਿੰਡਾਂ ਤੋਂ ਪੇਪਰ ਦੇਣ ਆਏ ਕਮਲਪ੍ਰੀਤ ਸਿੰਘ, ਜੋਬਨਜੀਤ ਅਤੇ ਰਣਜੀਤ ਸਿੰਘ ਨੇ ਦੱਸਿਆ ਕਿ ਪੇਪਰ ਭਾਵੇਂ ਸੌਖਾ ਸੀ ਪਰ ਉਨ੍ਹਾਂ ਦੇ ਪ੍ਰੀਖਿਆ ਕੇਂਦਰ ਕਾਦੀਆਂ ਬਣਾਏ ਹੋਏ ਸਨ। ਇਸ ਦੌਰਾਨ ਬੱਸਾਂ ਦੀਆਂ ਛੱਤਾਂ ’ਤੇ ਬੈਠੇ ਨੌਜਵਾਨਾਂ ਨੇ ਮਹਿੰਗਾਈ ਲਈ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਨੇ ਤੇਲ ਮਹਿੰਗਾ ਹੋਣ ਕਾਰਨ ਉਹ ਆਪਣੇ ਵਾਹਨਾਂ ਦੀ ਵਰਤੋਂ ਨਹੀਂ ਕਰ ਸਕੇ।
ਦੂਜੇ ਪਾਸੇ, ਇਹ ਵੀ ਪਤਾ ਲੱਗਿਆ ਹੈ ਕਿ ਕਈ ਆਟੋ ਚਾਲਕਾਂ ਨੇ ਪ੍ਰੀਖਿਆ ਦੇਣ ਆਏ ਨੌਜਵਾਨਾਂ ਦੇ 5-5, 6-6 ਜਣਿਆਂ ਦੇ ਗਰੁੱਪ ਤੋਂ ਉਨ੍ਹਾਂ ਦੇ ਪ੍ਰੀਖਿਆ ਕੇਂਦਰ ਤੱਕ ਛੱਡਣ ਦੇ 1500 ਤੋਂ 2000 ਰੁਪਏ ਤੱਕ ਲੈ ਲਏ। ਹੋਰ ਤਾਂ ਹੋਰ ਹੋਟਲਾਂ ਵਿੱਚ ਇੱਕ ਰਾਤ ਕੱਟਣ ਦੇ ਪੈਸੇ ਵੀ ਆਮ ਨਾਲੋਂ ਵੱਧ ਲਏ ਗਏ। ਸਥਾਨਕ ਨੌਜਵਾਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੇ ਨੌਜਵਾਨਾਂ ਦੀ ਲੁੱਟ ਹੋਣ ਤੋਂ ਰੋਕਣ ਲਈ ਖ਼ੁਦ ਕਈਆਂ ਨੂੰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਅਤੇ ਮਾਡਲ ਟਾਊਨ ਦੇ ਗੁਰਦੁਆਰਾ ਸਾਹਿਬ ਵਿੱਚ ਰਾਤ ਕੱਟਣ ਲਈ ਭੇਜਿਆ ਸੀ। ਇਨ੍ਹਾਂ ਧਾਰਮਿਕ ਸਥਾਨਾਂ ’ਤੇ ਲੜਕੇ ਅਤੇ ਲੜਕੀਆਂ ਦੇ ਰਹਿਣ ਲਈ ਵੱਖਰਾ-ਵੱਖਰਾ ਪ੍ਰਬੰਧ ਕੀਤਾ ਹੋਇਆ ਸੀ।