ਗੁਰਿੰਦਰ ਸਿੰਘ
ਲੁਧਿਆਣਾ, 24 ਸਤੰਬਰ
ਅਣਪਛਾਤੇ ਚੋਰ ਵਿਦੇਸ਼ ਗਏ ਇੱਕ ਪਰਿਵਾਰ ਦੇ ਘਰ ਦੇ ਤਾਲੇ ਤੋੜਕੇ ਲੱਖਾਂ ਰੁਪਏ ਦੇ ਗਹਿਣੇ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ ਹਨ ਜਦਕਿ ਦੋ ਹੋਰ ਘਰਾਂ ਵਿੱਚੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਹੋਰ ਸਾਮਾਨ ਵੀ ਅਣਪਛਾਤੇ ਵਿਅਕਤੀ ਲੈ ਗਏ ਹਨ। ਥਾਣਾ ਸਰਾਭਾ ਨਗਰ ਦੀ ਪੁਲੀਸ ਨੂੰ ਅਮਨ ਪਾਰਕ, ਨਿਊ ਰਾਜਗੁਰੂ ਨਗਰ ਵਾਸੀ ਸੰਜੇ ਅਗਰਵਾਲ ਨੇ ਦੱਸਿਆ ਹੈ ਕਿ ਉਹ ਆਪਣੀ ਪਤਨੀ ਸਮੇਤ ਆਪਣੇ ਘਰ ਨੂੰ ਤਾਲਾ ਲਗਾ ਕੇ 24 ਮਈ 2024 ਨੂੰ ਆਪਣੇ ਬੇਟੇ ਨੂੰ ਮਿਲਣ ਲਈ ਕੈਨੇਡਾ ਗਏ ਸੀ। ਉਹ ਜਦੋਂ 6 ਸਤੰਬਰ 2024 ਨੂੰ ਵਾਪਸ ਆਏ ਤਾਂ ਘਰ ਦੀ ਰਸੋਈ ਦੀ ਖਿੜਕੀ ਤੇ ਬੈੱਡ ਰੂਮ ਦੇ ਦਰਵਾਜ਼ੇ ਟੁੱਟੇ ਹੋਏ ਸਨ। ਉਨ੍ਹਾਂ ਸਾਮਾਨ ਚੈੱਕ ਕੀਤਾ ਤਾਂ ਘਰ ਵਿੱਚੋਂ 2 ਵੰਗਾਂ ਸੋਨਾ, 3 ਜੋੜੇ ਟਾਪਸ ਸੋਨਾ, 2 ਮੁੰਦਰੀਆਂ ਸੋਨਾ ਲੇਡੀਜ, ਇੱਕ ਸੁੱਚੇ ਮੋਤੀਆਂ ਦੀ ਮਾਲਾ ਲੇਡੀਜ਼, 10-12 ਚਾਂਦੀ ਦੇ ਸਿੱਕੇ, 2 ਐਲਈਡੀ, ਇੱਕ ਲੈਪਟਾਪ, ਪੂਜਾ ਰੂਮ ਵਿੱਚ ਪਈਆਂ 5 ਚਾਂਦੀ ਦੀਆਂ ਮੂਰਤੀਆਂ, 2 ਚਾਂਦੀ ਦੀਆਂ ਪੂਜਾ ਥਾਲੀਆਂ, 3 ਵਿਦੇਸ਼ੀ ਘੜੀਆਂ ਜੈਂਟਸ ਚੋਰੀ ਹੋ ਗਈਆਂ ਸਨ। ਉਨ੍ਹਾਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਾ ਕਿ 23/24 ਅਗਸਤ 2024 ਦੀ ਦਰਮਿਆਨੀ ਰਾਤ ਨੂੰ ਚੋਰੀ ਹੋਈ ਹੈ। ਥਾਣੇਦਾਰ ਉਮੇਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਮਾਡਲ ਟਾਊਨ ਦੀ ਪੁਲੀਸ ਨੂੰ ਮਾਡਲ ਟਾਊਨ ਨੇੜੇ ਚਾਰ ਖੰਭਾ ਚੌਕ ਵਾਸੀ ਸੁਭਾਸ਼ ਬਾਲੀ ਨੇ ਦੱਸਿਆ ਹੈ ਕਿ ਉਹ ਆਪਣੇ ਘਰ ਨੂੰ ਤਾਲਾ ਲਗਾ ਕੇ ਆਪਣੇ ਭਰਾ ਨੂੰ ਮਿਲਣ ਲਈ ਚੰਡੀਗੜ੍ਹ ਗਿਆ ਸੀ। ਉਹ ਜਦੋਂ ਵਾਪਸ ਆਇਆ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਘਰ ਵਿੱਚੋਂ 3 ਲੱਖ 10 ਹਜ਼ਾਰ ਰੁਪਏ ਭਾਰਤੀ ਕਰੰਸੀ ਅਤੇ 1950 ਅਮਰੀਕੀ ਡਾਲਰ ਗਾਇਬ ਸਨ ਜਿਸਨੂੰ ਕੋਈ ਅਣਪਛਾਤੇ ਵਿਅਕਤੀ ਚੋਰੀ ਕਰ ਕੇ ਲੈ ਗਏ ਸਨ। ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਥਾਣਾ ਟਿੱਬਾ ਦੀ ਪੁਲੀਸ ਨੂੰ ਨਿਊ ਸ਼ਾਸਤਰੀ ਨਗਰ ਵਾਸੀ ਹਰਦੀਪ ਸਿੰਘ ਨੇ ਦੱਸਿਆ ਕਿ ਕੋਈ ਅਣਪਛਾਤਾ ਵਿਅਕਤੀ ਕੋਠੇ ਉਪਰੋਂ ਕੰਧ ਟੱਪ ਕੇ ਘਰ ਵਿੱਚ ਦਾਖਲ ਹੋ ਗਿਆ ਅਤੇ ਉਸਦੇ ਘਰ ਵਿੱਚੋਂ 2 ਮੁੰਦਰੀਆਂ, 1 ਕੜਾ ਸੋਨਾ, ਸੋਨੇ ਦੇ 2 ਸੈਟ, 2 ਸੋਨੇ ਦੀਆਂ ਚੂੜੀਆਂ, 5 ਸੋਨੇ ਦੀਆਂ ਮੁੰਦਰੀਆਂ, ਕਰੀਬ 60 ਹਜ਼ਾਰ ਰੁਪਏ ਕੈਸ਼, 1 ਮੋਬਾਈਲ ਅਤੇ ਕਿਰਾਏਦਾਰ ਵਿਜੈ ਦਾ ਮੋਬਾਈਲ ਵੀ ਚੋਰੀ ਕਰਕੇ ਲੈ ਗਿਆ।