ਨਿੱਜੀ ਪੱਤਰ ਪੇਰਕ
ਲੁਧਿਆਣਾ, 29 ਜੁਲਾਈ
ਵੱਖ-ਵੱਖ ਥਾਣਿਆਂ ਦੇ ਇਲਾਕੇ ਵਿੱਚ ਹੋਈਆਂ ਦੋ ਚੋਰੀਆਂ ਵਿੱਚ ਚੋਰ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ ਹਨ। ਸ਼ਾਸਤਰੀ ਨਗਰ ਵਾਸੀ ਅਮਰਜੀਤ ਕੌਰ ਪਤਨੀ ਸੁਖਮੀਤ ਸਿੰਘ (ਮਰਹੂਮ) ਨੇ ਮਾਡਲ ਟਾਊਨ ਥਾਣੇ ਦੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਕਿ ਇਸ਼ਮੀਤ ਚੌਕ ’ਚ ਆਰਚੀ ਗਿਫਟ ਦੀ ਦੁਕਾਨ ’ਚ ਉਸ ਦਾ ਲੜਕਾ ਮੋਬਾਈਲ ਫੋਨ ਦਾ ਕੰਮ ਕਰਦਾ ਹੈ। ਲੰਘੀ ਰਾਤ ਦੁਕਾਨ ਵਿੱਚੋਂ ਅਣਪਛਾਤੇ ਚੋਰ 50 ਹਜ਼ਾਰ ਰੁਪਏ ਨਕਦੀ ਤੋਂ ਇਲਾਵਾ 3 ਪੁਰਾਣੇ ਤੇ 2 ਨਵੇਂ ਮੋਬਾਈਲ, 4 ਏਅਰਪੌਡ, 2 ਐਪਲ ਘੜੀਆਂ, 20-22 ਆਮ ਘੜੀਆਂ ਤੇ ਡੀਵੀਆਰ ਆਦਿ ਚੋਰੀ ਕਰਕੇ ਲੈ ਗਏ ਹਨ। ਜਾਂਚ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਹੈ।
ਥਾਣਾ ਸਲੇਮ ਟਾਬਰੀ ਦੀ ਪੁਲੀਸ ਨੂੰ ਗੁਰਦੀਪ ਸਿੰਘ ਵਾਸੀ ਨਿਊ ਕਰਤਾਰ ਨਗਰ ਸਲੇਮ ਟਾਬਰੀ ਨੇ ਦੱਸਿਆ ਕਿ ਚੋਰ ਊਸਦੀ ਦੁਕਾਨ ’ਚੋਂ ਕੱਪੜਾ ਚੋਰੀ ਕਰਕੇ ਲੈ ਗਏ ਹਨ। ਜਾਂਚ ਅਧਿਕਾਰੀ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਦੁਕਾਨ ਮਾਲਕ ਵੱਲੋਂ ਹਾਲੇ ਚੋਰੀ ਹੋਏ ਕੱਪੜੇ ਦੀ ਸੂਚੀ ਨਹੀਂ ਦਿੱਤੀ ਗਈ।
ਨੇਪਾਲੀ ਨੌਕਰ ਨਕਦੀ ਅਤੇ ਸੋਨਾ ਚੋਰੀ ਕਰਕੇ ਫ਼ਰਾਰ
ਥਾਣਾ ਸਦਰ ਦੇ ਇਲਾਕੇ ਟੈਕਸਲਾ ਕਾਲੋਨੀ ਪਿੰਡ ਦਾਦ ਦੇ ਇੱਕ ਘਰ ’ਚੋਂ ਦੋ ਨੇਪਾਲੀ ਨੌਕਰ ਲੱਖਾਂ ਰੁਪਏ ਦੀ ਕੀਮਤ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਲੈ ਗਏ। ਅਸ਼ਵਨੀ ਕੁਮਾਰ ਸ਼ਰਮਾ ਵਾਸੀ ਟੈਕਸਲਾ ਕਾਲੋਨੀ ਪਿੰਡ ਦਾਦ ਨੇ ਪੁਲੀਸ ਨੂੰ ਦੱਸਿਆ ਕਿ ਸ਼ਾਮ ਨੂੰ ਜਦੋਂ ਉਹ ਆਏ ਤਾਂ ਘਰ ਆਏ ਤਾਂ ਅੰਦਰ ਅਲਮਾਰੀ ’ਚੋਂ 14-15 ਹਜ਼ਾਰ ਰੁਪਏ ਦੀ ਨਕਦੀ ਤੋਂ ਇਲਾਵਾ ਲੱਖਾਂ ਰੁਪਏ ਦੇ ਮੁੱਲ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਗਾਇਬ ਸਨ। ਜਾਂਚ ਅਧਿਕਾਰੀ ਹਰਮੇਸ਼ ਸਿੰਘ ਨੇ ਦੱਸਿਆ ਹੈ ਕਿ ਨੇਪਾਲੀ ਨੌਕਰਾਂ ਅਭੀ ਅਤੇ ਜੀਤ ਬਹਾਦਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਮੋਟਰਸਾਈਕਲ ਸਵਾਰਾਂ ਨੇ ਸੋਨਾ ਲੁੱਟਿਆ
ਲੁਧਿਆਣਾ: ਸਥਾਨਕ ਡਿਵੀਜ਼ਨ ਨੰਬਰ ਇੱਕ ਦੇ ਇਲਾਕੇ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨ ਸੁਨਿਆਰੇ ਦੀ ਦੁਕਾਨ ’ਤੇ ਕੰਮ ਕਰਦੇ ਇੱਕ ਵਿਅਕਤੀ ਤੋਂ ਲੱਖਾਂ ਰੁਪਏ ਦੇ ਮੁੱਲ ਦਾ ਸੋਨਾ ਲੁੱਟ ਕੇ ਫਰਾਰ ਹੋ ਗਏ ਹਨ। ਇਸ ਸਬੰਧੀ ਜੀਕੇ ਅਸਟੇਟ ਟਿੱਬਾ ਰੋਡ ਵਾਸੀ ਤਰਸੇਮ ਲਾਲ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਹ ਫੀਲਡ ਗੰਜ ਸਥਿਤ ਰਾਮ ਮੂਰਤੀ ਜਿਊਲਰਜ਼ ਲਈ ਖੰਨਾ ਜਿਊਲਰਜ਼ ਫੁਹਾਰਾ ਚੌਕ ਤੋਂ 155 ਗ੍ਰਾਮ ਸੋਨੇ ਦੀ ਡਲੀ ਲੈ ਕੇ ਜਾ ਰਿਹਾ ਸੀ। ਜਦੋਂ ਊਹ ਪੁਰਾਣੀ ਕਚਹਿਰੀ ਸਥਿਤ ਪਵੇਲੀਅਨ ਮਾਲ ਤੋਂ ਪੁਲ ’ਤੇ ਪੁੱਜਿਆ ਤਾਂ ਇੱਕ ਤੇਜ਼ ਰਫ਼ਤਾਰ ਕਾਰ ਵੱਲੋਂ ਉਸਦੇ ਸਕੂਟਰ ਨੂੰ ਟੱਕਰ ਮਾਰਨ ਕਾਰਨ ਊਹ ਡਿੱਗ ਪਿਆ। ਇਸੇ ਦੌਰਾਨ ਦੋ ਮੋਟਰਸਾਈਕਲ ਸਵਾਰ ਨੌਜਵਾਨ ਉਸ ਦੀ ਸ਼ਰਟ ’ਚੋਂ ਸੋਨੇ ਵਾਲਾ ਲਿਫ਼ਾਫ਼ਾ ਕੱਢ ਕੇ ਫਰਾਰ ਹੋ ਗਏ। ਪੁਲੀਸ ਨੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।