ਦੇਵਿੰਦਰ ਸਿੰਘ ਜੱਗੀ
ਪਾਇਲ, 30 ਜੁਲਾਈ
ਪਾਇਲ ਖੇਤਰ ਵਿੱਚ ਚੋਰ ਗਿਰੋਹ ਪੂਰੀ ਤਰ੍ਹਾਂ ਸਰਗਰਮ ਹੈ, ਜੋ ਆਏ ਦਿਨ ਬਿਜਲੀ ਟਰਾਂਸਫਾਰਮਰ, ਪਸ਼ੂ, ਧਾਰਮਿਕ ਅਸ਼ਥਾਨਾਂ ਦੀਆਂ ਗੋਲਕਾਂ, ਸਮਸ਼ਾਨਘਾਟਾਂ ਦੇ ਗੇਟ ਆਦਿ ਨੂੰ ਚੋਰੀ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਹਾਲ ਹੀ ਵਿੱਚ ਬਰਮਾਲੀਪੁਰ ਅਤੇ ਲਸਾੜਾ ਤੋਂ ਮੋਟਰਸਾਈਕਲ ਚੋਰੀ ਕਰਨ ਅਤੇ ਡੂਮ ਦੇ ਨਹਿਰੀ ਪੁਲ ’ਤੇ ਹਾਦਸਿਆਂ ’ਤੋਂ ਬਚਾਅ ਲਈ ਲਗਾਈ ਲੋਹੇ ਦੀ ਰੇਲਿੰਗ ਚੋਰੀ ਕਰਨ ਦੀ ਖਬਰ ਹੈ, ਜਿਸ ਤੋਂ ਪੀਡਬਲਿਊਡੀ ਮਹਿਕਮਾ ਵੀ ਬੇਖਬਰ ਹੈ। ਵੱਖ-ਵੱਖ ਥਾਵਾਂ ’ਤੇ ਹੋਈਆਂ ਚੋਰੀਆਂ ਸਬੰਧੀ ਲਿਖਤ ਦਰਖ਼ਾਸਤਾਂ ਦੇਣ ਦੇ ਬਾਵਜੂਦ ਪੁਲੀਸ ਵੱਲੋਂ ਇਨ੍ਹਾਂ ਚੋਰੀਆਂ ਨੂੰ ਠੱਲ੍ਹਣ ਲਈ ਕੋਈ ਕਾਰਗੁਜ਼ਾਰੀ ਨਹੀਂ ਕੀਤੀ ਜਾ ਰਹੀ। ਕੁੱਝ ਦਿਨ ਪਹਿਲਾਂ ਮੋਟਰਾਂ ਤੋਂ ਟਰਾਂਸਫਾਰਮ ਚੋਰੀ ਹੋਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਥਾਣਾ ਪਾਇਲ ਅੰਦਰ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਸੀ, ਅੱਜ ਫਿਰ ਪਿੰਡ ਘੁਡਾਣੀ ਖੁਰਦ ਦੇ ਕਿਸਾਨਾਂ ਵੱਲੋਂ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੇ ਦਫ਼ਤਰ ਪਹੁੰਚ ਕੇ ਮੋਟਰਾਂ ਤੋਂ ਟਰਾਂਸਫਾਰਮ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੁਲੀਸ ਵੱਲੋਂ ਗਸ਼ਤ ਵਧਾਉਣ ਲਈ ਅਪੀਲ ਕੀਤੀ ਗਈ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਡੂਮ ਦੇ ਨਹਿਰੀ ਪੁਲ ਦੇ ਦੋਵੇਂ ਪਾਸੇ ਵਾਹਨਾਂ ਦੇ ਡਿੱਗਣ ਤੋਂ ਰੋਕਣ ਲਈ ਲਗਾਈ ਗਈ ਲੋਹੇ ਦੇ ਰੇਲਿੰਗ ਵੀ ਚੋਰਾਂ ਨੇ ਚੋਰੀ ਕਰ ਲਈ। ਚੋਰਾਂ ਨੇ ਲੋਹੇ ਦੇ ਗਾਡਰਾਂ ਨਾਲ ਨੱਟ ਬੋਲਟ ਕੀਤੀ ਰੇਲਿੰਗ ਦੇ ਉੱਪਰਲੇ ਹਿੱਸੇ ਨੂੰ ਇੱਕ ਇੱਕ ਨੱਟਾਂ ਨੂੰ ਗਾਡਰਾਂ ਨਾਲੋਂ ਖੋਲ੍ਹ ਕੇ ਚੋਰੀ ਕੀਤਾ ਹੈ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਚੋਰੀ ਹੋਈ ਰੇਲਿੰਗ ਬਾਰੇ ਪੀਡਬਲਿਊਡੀ ਮਹਿਕਮੇ ਦੇ ਅਧਿਕਾਰੀਆਂ ਨੂੰ ਕੋਈ ਇਲਮ ਨਹੀਂ। ਜਿਸ ਕਾਰਨ ਡੂਮ ਦੇ ਨਹਿਰੀ ਪੁਲ ’ਤੇ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਜਦੋਂ ਡੂਮ ਦੇ ਨਹਿਰੀ ਪੁਲ ਦੀ ਚੋਰੀ ਹੋਈ ਰੇਲਿੰਗ ਦੀ ਰਿਪੋਰਟ ਬਾਰੇ ਥਾਣਾ ਪਾਇਲ ਦੇ ਮੁੱਖ ਮੁਣਸ਼ੀ ਨੂੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਪੀਡਬਲਿਊਡੀ ਮਹਿਕਮੇ ਵੱਲੋਂ ਚੋਰੀ ਦੀ ਕੋਈ ਰਿਪੋਰਟ ਦਰਜ ਨਹੀਂ ਕਰਵਾਈ ਗਈ। ਪੀਡਬਲਿਊਡੀ ਦੇ ਐੱਸਡੀਓ ਬਲਜੀਤ ਸਿੰਘ ਦੋਰਾਹਾ ਕੋਲੋਂ ਨਹਿਰੀ ਪੁਲ ਤੋਂ ਚੋਰੀ ਹੋਈ ਰੇਲਿੰਗ ਬਾਰੇ ਪੁੱਛਣਾ ਚਾਹਿਆ ਤਾਂ ਵਾਰ-ਵਾਰ ਫੋਨ ਕਰਨ ’ਤੇ ਵੀ ਉਨ੍ਹਾਂ ਚੁੱਕਿਆ ਨਹੀਂ। ਥਾਣਾ ਪਾਇਲ ਦੇ ਮੁਖ ਅਫ਼ਸਰ ਕਰਨੈਲ ਸਿੰਘ ਪੰਨੂ ਨੇ ਇਸ ਸਬੰਧੀ ਕਿਹਾ ਕਿ ਪੁਲੀਸ ਵੱਲੋਂ ਚੋਰਾਂ ਨੂੰ ਨੱਥ ਪਾਉਣ ਲਈ ਗਸ਼ਤ ਵਧਾਈ ਗਈ ਹੈ। ਉਨ੍ਹਾਂ ਅਪੀਲ ਕੀਤੀ ਕਿ ਪਿੰਡਾਂ ਵਾਲੇ ਠੀਕਰੀ ਪਹਿਰੇ ਲਗਾਉਣ ਅਤੇ ਦੁਕਾਨਦਾਰ ਆਪਣੀਆਂ ਦੁਕਾਨਾਂ ’ਤੇ ਚੌਕੀਦਾਰ ਜ਼ਰੂਰ ਰੱਖਣ।