ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 22 ਜਨਵਰੀ
ਵੱਖ-ਵੱਖ ਇਲਾਕਿਆਂ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਰਾਬ ਠੇਕਿਆਂ ਤੋਂ ਲੱਖਾਂ ਰੁਪਏ ਦੀ ਸ਼ਰਾਬ ਚੋਰੀ ਕਰਨ ਦੀ ਸੂਚਨਾ ਮਿਲੀ ਹੈ। ਥਾਣਾ ਡੇਹਲੋਂ ਦੇ ਇਲਾਕੇ ਵਿੱਚ ਸਥਿਤ ਇਕ ਸ਼ਰਾਬ ਦੇ ਠੇਕੇ ਤੋਂ ਨਾਮਲੂਮ ਵਿਅਕਤੀ ਸ਼ਰਾਬ ਬੋਤਲਾਂ ਅਤੇ ਨਕਦੀ ਚੋਰੀ ਕਰਕੇ ਲੈ ਗਏ। ਇਸ ਸਬੰਧੀ ਠੇਕੇ ਦੇ ਕਰਿੰਦੇ ਮੱਖਣ ਸਿੰਘ ਵਾਸੀ ਮਾਣਕਵਾਲ ਨੇ ਦੱਸਿਆ ਕਿ 4-5 ਵਿਅਕਤੀਆਂ ਨੇ ਠੇਕੇ ਦਾ ਜਿੰਦਰਾ ਤੋੜ ਕੇ ਉਸ ਅੰਦਰ ਪਈਆਂ 206 ਦੇ ਕਰੀਬ ਸ਼ਰਾਬ ਦੀਆਂ ਬੋਤਲਾਂ ਤੇ 13,070 ਰੁਪਏ ਦੀ ਨਕਦੀ ਚੋਰੀ ਕਰ ਲਈ ਹੈ। ਦੂਜੇ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਅੱਠ ਦੇ ਇਲਾਕੇ ਸੱਗੂ ਚੌਕ ਘੁਮਾਰ ਮੰਡੀ ਸਥਿਤ ਸ਼ਰਾਬ ਦੇ ਠੇਕੇ ਤੋਂ ਵੀ ਸ਼ਰਾਬ ਚੋਰੀ ਹੋਈ ਹੈ। ਇਸ ਸਬੰਧੀ ਜੌਹਰ ਸਿੰਘ ਵਾਸੀ ਸ਼ਾਸਤਰੀ ਨਗਰ ਨੇ ਦੱਸਿਆ ਕਿ ਉਹ ਟਰਟਲ ਵਾਈਨ ਕੰਪਨੀ ਵਿੱਚ ਕੰਮ ਕਰਦਾ ਹੈ ਜਿਸ ਦਾ ਸੱਗੂ ਚੌਕ ਘੁਮਾਰ ਮੰਡੀ ਵਿੱਚ ਸ਼ਰਾਬ ਦਾ ਠੇਕਾ ਹੈ। ਠੇਕੇ ਦੇ ਨਾਲ ਹੀ ਠੇਕੇ ਦਾ ਗੋਦਾਮ ਹੈ ਜਿਥੇ ਸੇਲਮੈਨ ਗਿਰਧਾਰੀ ਲਾਲ ਕੰਮ ਕਰਦਾ ਹੈ। ਉਹ ਰਾਤ ਨੂੰ ਠੇਕਾ ਬੰਦ ਕਰਕੇ ਅੰਦਰ ਹੀ ਸੌਂ ਗਿਆ ਉਸ ਨੇ ਦੱਸਿਆ ਹੈ ਕਿ ਅੱਧੀ ਰਾਤ ਨੂੰ ਕੁਝ ਵਿਅਕਤੀ ਗੋਦਾਮ ਦਾ ਸ਼ਟਰ ਤੋੜ ਕੇ ਉਸ ਵਿਚੋਂ 252 ਦੇ ਕਰੀਬ ਸ਼ਰਾਬ ਦੀਆਂ ਬੋਤਲਾਂ ਚੋਰੀ ਕਰਕੇ ਲੈ ਗਏ। ਪੁਲੀਸ ਨੇ ਦੋਵਾਂ ਸ਼ਿਕਾਇਤਾਂ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ।