ਸਤਵਿੰਦਰ ਬਸਰਾ
ਲੁਧਿਆਣਾ, 21 ਅਗਸਤ
ਕੋਵਿਡ ਮਹਾਮਾਰੀ ਕਾਰਨ ਲੁਧਿਆਣਾ ਜ਼ਿਲ੍ਹਾ ਹੋਰਨਾ ਜ਼ਿਲ੍ਹਿਆਂ ਨਾਲੋਂ ਵੱਧ ਪ੍ਰਭਾਵਿਤ ਹੋਇਆ ਹੈ ਪਰ ਹੁਣ ਵੀ ਸਰਕਾਰ ਵੱਲੋਂ ਦਿੱਤੀਆਂ ਕੋਵਿਡ ਹਦਾਇਤਾਂ ਦੇ ਬਾਵਜੂਦ ਇੱਥੋਂ ਦੇ ਲੋਕਾਂ ਵੱਲੋਂ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ। ਇਨ੍ਹਾਂ ਬਾਜ਼ਾਰਾਂ ਵਿੱਚ ਲੋਕ ਬਿਨਾਂ ਕਿਸੇ ਪਰਹੇਜ਼ ਤੋਂ ਘੁੰਮਦੇ ਆਮ ਦੇਖੇ ਜਾ ਸਕਦੇ ਹਨ। ਦੂਜੇ ਪਾਸੇ ਅੱਜ ਕਰੋਨਾ ਕਾਰਨ ਦੋ ਮਰੀਜ਼ਾਂ ਦੀ ਜਾਨ ਚਲੀ ਗਈ ਜਦ ਕਿ 30 ਸੈਂਪਲਾਂ ਦੀ ਰਿਪੋਰਟ ਪਾਜ਼ਟਿਵ ਆ ਗਈ ਹੈ। ਕੋਵਿਡ ਕਾਲ ਦੌਰਾਨ ਸਨਅਤੀ ਸ਼ਹਿਰ ਵੱਧ ਪ੍ਰਭਾਵਿਤ ਹੋਇਆ ਸੀ। ਹੁਣ ਵੀ ਸਰਕਾਰ ਵੱਲੋਂ ਇਸ ਮਹਾਮਾਰੀ ਤੋਂ ਬਚਾਅ ਦੀਆਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਪਰ ਲੋਕ ਅਜੇ ਵੀ ਇਸ ਦੀ ਪ੍ਰਵਾਹ ਕੀਤੇ ਬਿਨਾਂ ਸ਼ਰੇਆਮ ਬਾਜ਼ਾਰਾਂ ਵਿੱਚ ਘੁੰਮਦੇ ਫਿਰਦੇ ਹਨ। ਅੱਜ ਐਤਵਾਰ ਦਾ ਦਿਨ ਹੋਣ ਕਰ ਕੇ ਸ਼ਹਿਰ ਦਾ ਚੌੜਾ ਬਾਜ਼ਾਰ, ਘੁਮਾਰ ਮੰਡੀ, ਸਰਾਫਾ ਬਾਜ਼ਾਰ, ਦਾਲ ਬਾਜ਼ਾਰ, ਜਨਕ ਪੁਰੀ, ਫੀਲਡ ਗੰਜ, ਜਵਾਹਰ ਨਗਰ ਕੈਂਪ ਆਦਿ ਦੇ ਬਾਜ਼ਾਰਾਂ ਵਿੱਚ ਆਮ ਨਾਲੋਂ ਕਈ ਗੁਣਾਂ ਵੱਧ ਭੀੜ ਰਹੀ। ਲੋਕ ਇੱਕ ਦੂਜੇ ਤੋਂ ਫਾਸਲਾਂ ਰੱਖਣ ਦੀਆਂ ਹਦਾਇਤਾਂ ਦੀ ਸ਼ਰੇਆਮ ਉਲੰਘਣਾ ਕਰਦੇ ਦੇਖੇ ਗਏ। ਬਾਜ਼ਾਰ ਵਿੱਚ ਘੁੰਮਦੇ ਲੋਕਾਂ ਵਿੱਚੋਂ ਨਾ-ਮਾਤਰ ਲੋਕ ਹੀ ਮਾਸਕ ਦੀ ਵਰਤੋਂ ਕਰ ਰਹੇ ਹਨ। ਉੱਧਰ ਸਿਵਲ ਸਰਜਨ ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਕਰੋਨਾ ਤੋਂ ਪੀੜਤ ਦੋ ਮਰੀਜ਼ਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਇਸੇ ਤਰ੍ਹਾਂ 30 ਸੈਂਪਲਾਂ ਦੀ ਰਿਪੋਰਟ ਪਾਜ਼ਟਿਵ ਆਈ ਹੈ। ਸਿਵਲ ਸਰਜਨ ਡਾ. ਹਤਿੰਦਰ ਕੌਰ ਨੇ ਦੱਸਿਆ ਕਿ ਕਰੋਨਾ ਨਾਲ ਦੋ ਮਰੀਜ਼ਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਕਰੋਨਾ ਦੇ ਨਵੇਂ ਆਏ 30 ਕੇਸਾਂ ਵਿੱਚੋਂ 22 ਕੇਸ ਲੁਧਿਆਣਾ ਜਦਕਿ 8 ਕੇਸ ਬਾਹਰਲੇ ਰਾਜ/ਜ਼ਿਲ੍ਹੇ ਨਾਲ ਸਬੰਧਤ ਹਨ। ਅੱਜ ਵੀ 2886 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ।