ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਅਗਸਤ
ਰੱਖੜੀ ਦੇ ਤਿਓਹਾਰ ਦੇ ਮੱਦੇਨਜ਼ਰ ਅੱਜ ਵੱਖ-ਵੱਖ ਬਾਜ਼ਾਰਾਂ ਵਿੱਚ ਖ਼ਰੀਦਦਾਰਾਂ ਦੀ ਕਾਫ਼ੀ ਰੌਣਕ ਦੇਖਣ ਨੂੰ ਮਿਲੀ। ਦੂਜੇ ਪਾਸੇ ਇਸ ਵਾਰ ਰੱਖੜੀਆਂ ਦੀਆਂ ਕੀਮਤਾਂ ’ਤੇ ਮਹਿੰਗਾਈ ਦਾ ਅਸਰ ਵੀ ਸਾਫ਼ ਦਿਖਾਈ ਦੇ ਰਿਹਾ ਸੀ। ਇੱਥੋਂ ਦੇ ਚੌੜਾ ਬਾਜ਼ਾਰ ਵਿੱਚ ਹੋਰਨਾਂ ਬਾਜ਼ਾਰਾਂ ਦੇ ਮੁਕਾਬਲੇ ਸਭ ਤੋਂ ਵੱਧ ਭੀੜ ਦੇਖਣ ਨੂੰ ਮਿਲੀ। ਭੈਣ-ਭਰਾ ਦੇ ਪਵਿੱਤਰ ਪਿਆਰ ਦਾ ਪ੍ਰਤੀਕ ਤਿਓਹਾਰ ਰੱਖੜੀ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਤਿਓਹਾਰ ਇਸ ਵਾਰ 19 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਇਸ ਤਿਓਹਾਰ ਤੋਂ ਕਈ ਦਿਨ ਪਹਿਲਾਂ ਤੋਂ ਹੀ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਦੁਕਾਨਾਂ ਸੱਜਣੀਆਂ ਸ਼ੁਰੂ ਹੋ ਗਈਆਂ ਸਨ। ਅੱਜ ਐਤਵਾਰ ਛੁੱਟੀ ਵਾਲਾ ਦਿਨ ਹੋਣ ਕਰਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਰੱਖੜੀਆਂ ਦੀ ਖ਼ਰੀਦਦਾਰੀ ਕੀਤੀ। ਇੱਥੋਂ ਦੇ ਚੌੜੇ ਬਾਜ਼ਾਰ ਵਿੱਚ ਗੁੜ ਮੰਡੀ ਨੂੰ ਰੱਖੜੀ ਦੇ ਥੋਕ ਵਪਾਰੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਹਰ ਸਾਲ ਕਰੋੜਾਂ ਰੁਪਏ ਦੀਆਂ ਰੱਖੜੀਆਂ ਵੇਚੀਆਂ ਜਾਂਦੀਆਂ ਹਨ। ਗੁੜ ਮੰਡੀ ਅਤੇ ਆਸ-ਪਾਸ ਦੇ ਬਾਜ਼ਾਰਾਂ ਵਿੱਚ ਦਰਜਨਾਂ ਦੀ ਗਿਣਤੀ ਵਿੱਚ ਰੱਖੜੀਆਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਹਨ। ਇਨ੍ਹਾਂ ਦੁਕਾਨਾਂ ’ਤੇ ਰੱਖੀਆਂ ਖਿਡੌਣਿਆਂ ਅਤੇ ਲਾਈਟ ਵਾਲੀਆਂ ਰੱਖੜੀਆਂ ਬੱਚਿਆਂ ਵੱਲੋਂ ਵੱਧ ਪਸੰਦ ਕੀਤੀਆਂ ਜਾ ਰਹੀਆਂ ਹਨ। ਦੁਕਾਨਦਾਰਾਂ ਅਨੁਸਾਰ ਇਸ ਵਾਰ ਮਹਿੰਗਾਈ ਦਾ ਅਸਰ ਥੋਕ ਦੇ ਵਪਾਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਰੱਖੜੀ ਦੀ ਕੀਮਤ ਵਿੱਚ ਕਰੀਬ 15 ਤੋਂ 20 ਫ਼ੀਸਦੀ ਵਾਧਾ ਹੋਇਆ ਹੈ। ਪਰਚੂਨ ਦੀਆਂ ਦੁਕਾਨਾਂ ’ਤੇ ਇੱਕ ਰੱਖੜੀ 15 ਰੁਪਏ ਤੋਂ ਸ਼ੁਰੂ ਹੋ ਕੇ 500 ਤੋਂ 600 ਰੁਪਏ ਤੱਕ ਵਿਕ ਰਹੀ ਹੈ। ਕਈ ਦੁਕਾਨਦਾਰਾਂ ਨੇ ਤਾਂ ਚਾਂਦੀ ਦੀ ਚੇਨ ਵਾਲੀਆਂ ਰੱਖੜੀਆਂ ਵੀ ਰੱਖੀਆਂ ਹੋਈਆਂ ਸਨ ਜਿਨ੍ਹਾਂ ਦੀ ਕੀਮਤ ਹਜ਼ਾਰਾਂ ਰੁਪਏ ਤੱਕ ਸੁਣਨ ਨੂੰ ਮਿਲੀ ਹੈ। ਰੱਖੜੀ ਦੇ ਤਿਓਹਾਰ ਦੀ ਖ਼ਰੀਦਦਾਰੀ ਲਈ ਸਥਾਨਕ ਚੌੜਾ ਬਾਜ਼ਾਰ, ਫੀਲਡ ਗੰਜ, ਘੁਮਾਰ ਮੰਡੀ, ਸ਼ਿੰਗਾਰ ਸਿਨੇਮਾ ਰੋਡ, ਜਵਾਹਰ ਨਗਰ ਕੈਂਪ ਤੇ ਸਰਾਭਾ ਮਾਰਕੀਟ ਵਿੱਚ ਵੀ ਦੁਕਾਨਾਂ ਸਜੀਆਂ ਹੋਈਆਂ ਸਨ।