ਦੇਵਿੰਦਰ ਸਿੰਘ ਜੱਗੀ
ਪਾਇਲ, 29 ਸਤੰਬਰ
ਮੁਗਲਾਂ ਖ਼ਿਲਾਫ਼ ਜੰਗ ਲੜ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਿੱਖ ਜਰਨੈਲ ਸ਼ਹੀਦ ਬਾਬਾ ਸੀਹਾਂ ਸਿੰਘ ਗਿੱਲ ਝੱਲੀ ਦੇ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸਿੱਧਸਰ ਸਾਹਿਬ ਤੱਕ ਪਿੰਡ ਸਿਹੌੜਾ ਤੋਂ ਵਾਇਆ ਸਿੱਧਸਰ ਸਾਹਿਬ, ਸਿਰਥਲਾ, ਮਾਂਹਪੁਰ, ਜੌੜੇਪੁਲ ਸੜਕ ਦਾ ਨਾਂ ਸ਼ਹੀਦ ਬਾਬਾ ਸੀਹਾਂ ਸਿੰਘ ਗਿੱਲ ਝੱਲੀ ਮਾਰਗ ਰੱਖਣ ਸਬੰਧੀ ਗੱਲਬਾਤ ਕਰਦਿਆਂ ਸਮਾਜ ਸੇਵੀ ਅਵਤਾਰ ਸਿੰਘ ਜਰਗੜੀ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਇਹ ਵੱਡੀ ਨਾਲਾਇਕੀ ਹੈ ਕਿ ਇੱਕ ਮਹਾਨ ਸ਼ਹੀਦ ਨੂੰ ਅੱਖੋਂ-ਪਰੋਖੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਗਿੱਲ ਝੱਲੀ ਗੋਤ ਨਾਲ ਸਬੰਧ ਰੱਖਣ ਵਾਲੇ ਤਿੰਨ ਦਰਜਨ ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਕੇ ਜ਼ਿੰਮੇਵਾਰ ਲੋਕਾਂ ਨੂੰ ਸਵਾਲ ਪੁੱਛੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਅਸਥਾਨ ਦੀ ਚਿਰਕੋਣੀ ਮੰਗ ਪ੍ਰਤੀ ਇਲਾਕੇ ਦੇ ਲੋਕਾਂ ਦੀ ਇੱਕ ਮੀਟਿੰਗ ਬੁਲਾ ਕੇ ਭਵਿੱਖ ਦੀ ਰਣਨੀਤੀ ਉਲੀਕੀ ਜਾਵੇਗੀ। ਇਸ ਮੌਕੇ ਪ੍ਰਧਾਨ ਸਵਰਨ ਸਿੰਘ ਲਸਾੜਾ, ਮਲੂਕ ਸਿੰਘ ਜ਼ੁਲਮਗੜ, ਪੰਚ ਗੁਰਵਿੰਦਰ ਸਿੰਘ ਨਿਜ਼ਾਮਪੁਰ, ਗੁਰਬਾਜ਼ ਸਿੰਘ ਜ਼ੁਲਮਗੜ, ਰਣਧੀਰ ਸਿੰਘ, ਲੱਖੀ ਜਰਗੜੀ, ਕੁਲਵਿੰਦਰ ਸਿੰਘ ਗਿੱਲ, ਜਸਰਾਜ ਸਿੰਘ ਤੇ ਸੰਦੀਪ ਗਿੱਲ ਆਦਿ ਹਾਜ਼ਰ ਸਨ।