ਸਤਵਿੰਦਰ ਬਸਰਾ
ਲੁਧਿਆਣਾ, 18 ਅਗਸਤ
ਜ਼ਿਲ੍ਹਾ ਲੁਧਿਆਣਾ ਵਿੱਚ ਐਤਵਾਰ ਦੁਪਹਿਰ ਬਾਅਦ ਪਏ ਮੀਂਹ ਕਾਰਨ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਇਸ ਮੀਂਹ ਕਾਰਨ ਨੀਵੀਆਂ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਭਰ ਗਿਆ। ਕਈ ਦਿਨਾਂ ਬਾਅਦ ਅੱਜ ਦੁਪਹਿਰ ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਕਰੀਬ ਇੱਕ ਘੰਟਾ ਤੇਜ਼ ਮੀਂਹ ਪਿਆ। ਇਸ ਮੀਂਹ ਨਾਲ ਭਾਵੇਂ ਪਿਛਲੇ ਕਈ ਦਿਨਾਂ ਤੋਂ ਹੁੰਮਸ ਵਾਲੀ ਗਰਮੀ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਪਰ ਪਿਛਲੇ ਸਾਲਾਂ ਦੇ ਮੁਕਾਬਲੇ ਮੀਂਹ ਘੱਟ ਦਰਜ ਕੀਤਾ ਗਿਆ ਹੈ। ਅੱਜ ਸਵੇਰ ਸਮੇਂ ਤਿੱਖੀ ਧੁੱਪ ਨਿਕਲੀ ਜਿਸ ਕਾਰਨ ਦੁਪਹਿਰ ਤੱਕ ਗਰਮੀ ਪੂਰੀ ਸਿਖਰ ’ਤੇ ਸੀ। ਦੁਪਹਿਰ ਬਾਅਦ ਅਸਮਾਨ ’ਚ ਸੰਘਣੀ ਬੱਦਲਵਾਈ ਹੋਈ, ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ। ਬੱਦਲਵਾਈ ਕਾਰਨ ਦਿਨ ਸਮੇਂ ਹਨੇਰਾ ਹੋ ਗਿਆ ਜਿਸ ਕਰਕੇ ਵਾਹਨ ਚਾਲਕਾਂ ਨੂੰ ਆਪਣੇ ਵਾਹਨਾਂ ਦੀਆਂ ਬੱਤੀਆਂ ਜਗਾਉਣੀਆਂ ਪਈਆਂ। ਇੱਥੋਂ ਦੇ ਕਸ਼ਮੀਰ ਨਗਰ, ਟਿੱਬਾ ਰੋਡ, ਪੁਰਾਣੀ ਮਾਧੋਪੁਰੀ, ਤਾਜਪੁਰ ਰੋਡ, ਡਵੀਜ਼ਨ ਨੰਬਰ ਤਿੰਨ, ਘੰਟਾ ਘਰ, ਜਨਕਪੁਰੀ, ਟਰਾਂਸਪੋਰਟ ਨਗਰ, ਹੈਬੋਵਾਲ ਕਲਾਂ, ਹੰਬੜਾਂ ਰੋਡ, ਕਿਚਲੂ ਨਗਰ, ਸਮਰਾਲਾ ਚੌਕ ਆਦਿ ਕਈ ਥਾਵਾਂ ’ਤੇ ਪਾਣੀ ਖੜ੍ਹਾ ਹੋ ਗਿਆ। ਇਸੇ ਤਰ੍ਹਾਂ ਮਹਾਂਵੀਰ ਹਸਪਤਾਲ ਦੇ ਨੇੜੇ ਤਾਂ ਮੀਂਹ ਦੇ ਪਾਣੀ ਨਾਲ ਸੜਕ ਵੀ ਕਈ ਫੁੱਟ ਹੇਠਾਂ ਧੱਸ ਗਈ। ਸੋਮਵਾਰ ਨੂੰ ਰੱਖੜੀ ਦਾ ਤਿਓਹਾਰ ਹੋਣ ਕਾਰਨ ਅੱਜ ਦੁਕਾਨਾਂ ਦੇ ਬਾਹਰ ਫੜੀਆਂ ਲਗਾ ਕੇ ਬੈਠੇ ਲੋਕਾਂ ਨੂੰ ਮੀਂਹ ’ਚ ਆਪਣਾ ਸਾਮਾਨ ਭਿੱਜਣ ਤੋਂ ਬਚਾਉਣ ਲਈ ਤਰਪਾਲਾਂ ਤੱਕ ਪਾਉਣੀਆਂ ਪਈਆਂ। ਜਿਹੜਾ ਤਾਪਮਾਨ ਸਵੇਰੇ 34 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ, ਦੁਪਹਿਰ ਬਾਅਦ ਘਟ ਕੇ 30 ਡਿਗਰੀ ਸੈਲਸੀਅਸ ਤੱਕ ਆ ਗਿਆ ਸੀ।