ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 14 ਅਗਸਤ
ਇਥੇ ਰੇਲਵੇ ਪਾਰਕ ’ਚ ਚੱਲਦੇ ਕਿਸਾਨ ਸੰਘਰਸ਼ ਮੋਰਚੇ ’ਚ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਇਕ ਧਰਮ ਦੇ ਵਿਅਕਤੀ ਦੀ ਕੁੱਟਮਾਰ ਕਰਨ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਨੂੰ ਥਾਣੇ ’ਚ ਹੀ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਜਦਕਿ ਦੂਜੇ ਪਾਸੇ ਲੋਕਾਂ ਦੇ ਹੱਕ ਦੀ ਗੱਲ ਕਰਨ ਵਾਲਿਆਂ ਨੂੰ ਦੇਸ਼-ਧ੍ਰੋਹ ਦੇ ਕਾਨੂੰਨ ਲਗਾ ਕੇ ਕਈ ਮਹੀਨੇ ਤੇ ਸਾਲਾਂ ਤੱਕ ਜੇਲ੍ਹਾਂ ’ਚ ਬੰਦ ਰੱਖਿਆ ਜਾ ਰਿਹਾ ਹੈ। ਇਥੇ ਰੇਲਵੇ ਪਾਰਕ ’ਚ ਕਿਸਾਨ ਮੋਰਚੇ ਦੇ 318ਵੇਂ ਦਿਨ ਕਿਸਾਨ ਆਗੂਆਂ ਨੇ ਕਿਹਾ ਕਿ ਅਧੂਰੀ ਆਜ਼ਾਦੀ ਖ਼ਿਲਾਫ਼ 15 ਅਗਸਤ ਨੂੰ ਮਜ਼ਦੂਰ ਕਿਸਾਨ ਮੁਕਤੀ ਦਿਵਸ ਮਨਾਇਆ ਜਾਵੇਗਾ। ਇਸ ਸਮੇਂ ਕਾਨਫਰੰਸ ਹੋਵੇਗੀ ਜਿਸ ਮਗਰੋਂ ਸ਼ਹਿਰ ’ਚ ਮਾਰਚ ਵੀ ਕੀਤਾ ਜਾਵੇਗਾ। ਬੀਕੇਯੂ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਹਰਬੰਸ ਸਿੰਘ ਬਾਰਦੇਕੇ, ਕੁਲਦੀਪ ਸਿੰਘ ਗੁਰੂਸਰ, ਕੁਲਵਿੰਦਰ ਸਿੰਘ ਢੋਲਣ, ਇੰਦਰ ਸਿੰਘ ਗੋਰਸੀਆਂ ਆਦਿ ਨੇ ਕਿਹਾ ਕਿ ਦਿੱਲੀ ਹੱਦਾਂ ’ਤੇ ਕਿਸਾਨ ਮਜ਼ਦੂਰ ਸੰਘਰਸ਼ ਦੇ ਸਿੱਟੇ ਜਲਦ ਹੀ ਸਾਹਮਣੇ ਆਉਣਗੇ।
ਖੇਤੀ ਸਬੰਧੀ ਕਾਲੇ ਕਾਨੂੰਨ ਰੱਦ ਕੀਤੇ ਤੋਂ ਬਿਨਾਂ ਸੰਘਰਸ਼ ਕਦਾਚਿਤ ਵਾਪਸ ਨਹੀਂ ਹੋਵੇਗਾ। ਦੂਜੇ ਪਾਸੇ ਚੌਕੀਮਾਨ ਟੌਲ ’ਤੇ ਵੀ ਕਿਸਾਨ ਧਰਨਾ ਜਾਰੀ ਰਿਹਾ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਨਾਲ ਮਿਲ ਕੇ ਇਲਾਕੇ ਦੇ ਤਿੰਨ ਦਰਜਨ ਦੇ ਕਰੀਬ ਪਿੰਡਾਂ ’ਚ ਦੋ ਦਿਨਾਂ ਦੌਰਾਨ ‘ਲੋਕ ਜਗਾਓ ਮਾਰਚ’ ਕਰਕੇ ਲੋਕਾਂ ਨੂੰ ਚੱਕਾ ਜਾਮ ਪ੍ਰੋਗਰਾਮ ਲਈ ਲਾਮਬੰਦ ਕੀਤਾ ਗਿਆ। ਸਤਨਾਮ ਸਿੰਘ ਮੋਰਕਰੀਮਾ, ਜਸਦੇਵ ਸਿੰਘ ਲਲਤੋਂ ਅਤੇ ਅਵਤਾਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਭਲਕ ਨੂੰ ਕੌਮੀ ਸ਼ਾਹਰਾਹ ’ਤੇ ਸਵੇਰੇ ਚੱਕਾ ਜਾਮ ਕੀਤਾ ਜਾਵੇਗਾ।
ਦੋਰਾਹਾ (ਜੋਗਿੰਦਰ ਸਿੰਘ ਓਬਰਾਏ): ਅੱਜ ਇਥੇ ਭਾਰਤੀ ਕਿਸਾਨ ਯੂਨੀਅਨ (ਏਕਤਾਂ-ਉਗਰਾਹਾਂ) ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਅੱਜ 15 ਅਗਸਤ ਦੇ ਦਿਨ ਸਾਮਰਾਜੀ ਬਹੁਕੌਮੀ ਕੰਪਨੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਲਈ ਅਵਾਜ਼ ਉਠਾਓ ਅਤੇ ਕਿਸਾਨ ਮਜ਼ਦੂਰਾਂ ਦੀ ਮੁਕਤੀ ਸੰਘਰਸ਼ ਦਿਵਸ ਵਜੋਂ ਮਨਾਉਣ ਲਈ ਮੋਗਾ ਨੇੜੇ ਅਡਾਨੀ ਸ਼ੈਲੋ ਗੁਦਾਮ ਵਿੱਚ ਇੱਕਠ ਕਰਕੇ ਸਰਕਾਰ ਖਿਲਾਫ਼ ਰੋਸ ਪ੍ਰਗਟ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਮੁਲਕ ਵਿਆਪੀ ਕਿਸਾਨ ਸੰਘਰਸ਼ ਹੋਰ ਮਜ਼ਬੂਤ ਕਰਨ ਦਾ ਅਹਿਦ ਲਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਇਕਜੁੱਟ ਹੋ ਕੇ ਸਰਕਾਰ ਖ਼ਿਲਾਫ਼ ਖੜ੍ਹੇ ਹੋਣ ਦਾ ਸੱਦਾ ਦਿੱਤਾ।
ਸੰਪੂਰਨ ‘ਆਜ਼ਾਦੀ’ ਲਈ ਸੰਘਰਸ਼ ਤੇਜ਼ ਕਰਨ ਦਾ ਸੱਦਾ
ਗੁਰੂਸਰ ਸੁਧਾਰ (ਸੰਤੋਖ ਗਿੱਲ): ਕਿਲ੍ਹਾ ਰਾਏਪੁਰ ਵਿੱਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਵਿਵਾਦਿਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਸਰਕਾਰ ਵਿਰੁੱਧ ਲੜੀਵਾਰ ਧਰਨੇ ਦੀ ਅਗਵਾਈ ਅਮਨਦੀਪ ਕੌਰ ਨੇ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਅਮਰੀਕ ਸਿੰਘ ਜੜਤੌਲੀ ਨੇ ਅਜ਼ਾਦੀ ਦਾ ਲਾਭ ਧੁਰ ਹੇਠਾਂ ਕਿਰਤੀਆਂ ਅਤੇ ਕਿਸਾਨਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕੀਤਾ। ਕਿਸਾਨ ਆਗੂਆਂ ਨੇ ਸੁਤੰਤਰਤਾ ਦਿਵਸ ਮੌਕੇ ਕਿਰਤੀਆਂ ਅਤੇ ਕਿਸਾਨ ਨੂੰ ਇੱਕਜੁੱਟ ਹੋ ਕੇ ਲੁੱਟ ਰਹਿਤ ਸਮਾਜ ਦੀ ਉਸਾਰੀ ਲਈ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ। ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ, ਸੁਰਜੀਤ ਸਿੰਘ ਸੀਲੋਂ, ਰਵਿੰਦਰ ਸਿੰਘ, ਕੁਲਦੀਪ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਮਨਜੀਤ ਸਿੰਘ ਗੁੱਜਰਵਾਲ ਨੇ ਵੀ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ। ਉੱਧਰ ਪਿੰਡ ਸੁਧਾਰ ਦੀਆਂ ਬੀਬੀਆਂ ਨੇ ਵੀ ਆਜ਼ਾਦੀ ਦਿਵਸ ਮੌਕੇ ਤਿਰੰਗਾ ਮਾਰਚ ਦਾ ਐਲਾਨ ਕੀਤਾ।
ਲਹਿਰਾ ਟੌਲ ਪਲਾਜ਼ਾ ’ਤੇ ਜੁੜਿਆ 51 ਪਿੰਡਾਂ ਦਾ ਇਕੱਠ
ਕੁੱਪ ਕਲਾ (ਕੁਲਵਿੰਦਰ ਸਿੰਘ ਗਿੱਲ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਹਿਮਦਗੜ੍ਹ ਵੱਲੋਂ ਲਹਿਰਾਂ ਟੌਲ ਪਲਾਜ਼ਾ ’ਤੇ ਕਿਸਾਨੀ ਧਰਨਾ 319ਵੇਂ ਦਿਨ ਵੀ ਜਾਰੀ ਰਿਹਾ ਅਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਸ਼ੇਰ ਸਿੰਘ, ਹਰਬੰਸ ਸਿੰਘ ਮਾਣਕੀ, ਗੁਰਮੇਲ ਸਿੰਘ ਮਹੋਲੀ, ਹਰਮੀਤ ਸਿੰਘ, ਜਗਦੀਸ਼ ਸਿੰਘ ਡੀਸੀ, ਜਗਰੂਪ ਸਿੰਘ, ਸੁਰਿੰਦਰ ਸਿੰਘ ਰਸ਼ਪਿੰਦਰ ਸਿੰਘ ਗਾਂਧੀ ਅਤੇ ਬਲਦੀਪ ਸਿੰਘ ਕੁੱਪ ਖੁਰਦ ਨੇ ਦੱਸਿਆ ਕਿ ਬੀ ਕੇ ਯੂ ਉਗਰਾਹਾਂ ਦੀ ਸੂਬਾ ਕਮੇਟੀ ਦੇ ਹੁਕਮਾਂ ਨਾਲ ਅੱਜ ਲਹਿਰਾ ਟੌਲ ਪਲਾਜ਼ਾ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੇ 319ਵੇਂ ਦਿਨ ਬਲਾਕ ਅਹਿਮਦਗੜ੍ਹ ਦੇ 51 ਪਿੰਡਾਂ ਦੀਆਂ ਕਿਸਾਨ ਇਕਾਈਆਂ ਅਤੇ ਬੀਬੀਆਂ ਅਤੇ ਬੱਚਿਆਂ ਸਮੇਤ ਵੱਲੋਂ ਵੱਡਾ ਇਕੱਠ ਕਰਕੇ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣੇ ਮੁਰਦਾਬਾਦ ਦੇ ਨਾਅਰੇ ਲਗਾ ਪ੍ਰਧਾਨ ਮੰਤਰੀ ਮੋਦੀ ਅਤੇ ਖੇਤੀਬਾੜੀ ਮੰਤਰੀ ਤੋਮਰ ਦੇ ਖ਼ਿਲਾਫ਼ ਪ੍ਰਿੰਸੀਪਲ ਸਪਿੰਦਰਜੀਤ ਕੌਰ ਕੁੱਪ ਕਲਾਂ ਵੱਲੋਂ ਬੋਲੀਆਂ ਪਾ ਅਤੇ ਗੀਤ ਗਾ ਤੀਆਂ ਦਾ ਤਿਉਹਾਰ ਮਨਾਇਆ ਗਿਆ ਅਤੇ ਬੀਬੀਆਂ ਆਖਿਆ ਕਿ ਜਿੰਨਾ ਸਮਾਂ ਕੇਂਦਰ ਦੀ ਮੋਦੀ ਸਰਕਾਰ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਨਾ ਸਮਾਂ ਕਿਸਾਨਾਂ ਵੱਲੋਂ ਗਿੱਧੇ ਅਤੇ ਭੰਗੜੇ ਪਾ ਸੰਘਰਸ਼ ਜਾਰੀ ਰਹੇਗਾ।