ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਅਗਸਤ
ਸਨਅਤੀ ਸ਼ਹਿਰ ਵਿੱਚ ਜੁਲਾਈ ਮਹੀਨੇ ਵਿੱਚ ਮੌਨਸੂਨ ਦੇ ਮੀਂਹ ਨੇ ਸਾਰੇ ਹੀ ਰਿਕਾਰਡ ਤੋੜ ਦਿੱਤੇ। ਸਾਲ 2001 ਤੋਂ ਬਾਅਦ ਇਸ ਸਾਲ ਸੂਬੇ ਵਿੱਚ ਹੀ ਮੌਨਸੂਨ ਦੌਰਾਨ 28 ਫੀਸਦੀ ਜ਼ਿਆਦਾ ਮੀਂਹ ਪਿਆ ਹੈ ਤੇ ਹੁਣ ਅਗਸਤ ਮਹੀਨੇ ਵਿੱਚ ਵੀ ਮੌਨਸੂਨ ਦੇ ਰੱਜ ਕੇ ਵਰ੍ਹਨ ਦੇ ਆਸਾਰ ਹਨ। ਅਗਲੇ ਤਿੰਨ ਦਿਨ ਮੀਂਹ ਪੈਣ ਸਬੰਧੀ ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਮੁਤਾਬਕ, ਆਉਣ ਵਾਲੇ ਦਿਨਾਂ ਦੌਰਾਨ ਮੀਂਹ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਮੁਤਾਬਕ, ਸਨਅਤੀ ਸ਼ਹਿਰ ਸਣੇ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਤਿੰਨ, ਚਾਰ ਤੇ ਪੰਜ ਅਗਸਤ ਨੂੰ ਮੀਂਹ ਪੈ ਸਕਦਾ ਹੈ। ਇਸ ਸਬੰਧੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਮੌਸਮ ਵਿਭਾਗ ਮੁਤਾਬਕ, ਹਾਲੇ ਵੀ ਮੌਨਸੂਨ ਸਰਗਰਮ ਹੈ ਅਤੇ ਆਉਣ ਵਾਲੇ ਤਿੰਨ ਦਿਨ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੇ ਆਸਾਰ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜੁਲਾਈ ਮਹੀਨੇ ਵਿੱਚ ਚੰਗਾ ਮੀਂਹ ਪਿਆ ਹੈ। ਆਉਣ ਵਾਲੇ ਦਿਨਾਂ ਵਿੱਚ ਜੇਕਰ ਮੀਂਹ ਹਿਸਾਬ ਨਾਲ ਪੈਂਦਾ ਹੈ ਤਾਂ ਇਹ ਕਿਸਾਨਾਂ ਲਈ ਫ਼ਾਇਦੇਮੰਦ ਹੋਵੇਗਾ। ਸਨਅਤੀ ਸ਼ਹਿਰ ਦੀ ਗੱਲ ਕਰੀਏ ਤਾਂ ਸ਼ਹਿਰ ’ਚ ਪੰਜ ਦਿਨਾਂ ਤੱਕ ਮੌਨਸੂਨ ਦੇ ਸਰਗਰਮ ਹੋਣ ਨਾਲ ਰੁਕ ਰੁਕ ਕੇ ਹਲਕੇ ਤੇ ਤੇਜ਼ ਮੀਂਹ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਸੀ, ਪਰ ਅੱਜ ਬੱਦਲਾਂ ਦੀ ਫਿਰ ਤੋਂ ਵਾਪਸੀ ਹੋ ਗਈ ਹੈ। ਬੱਦਲ ਇੱਕ ਵਾਰ ਨਹੀਂ ਦਿਖੇ। ਸਵੇਰੇ ਸਾਢੇ 5 ਵਜੇ ਹੀ ਸੂਰਜ ਦੇਵਤਾ ਦੇ ਦਰਸ਼ਨ ਸ਼ੁਰੂ ਹੋ ਗਏ ਸਨ ਤੇ ਦੁਪਹਿਰ ਵੇਲੇ ਕਾਫ਼ੀ ਧੁੱਪ ਰਹੀ।