ਨਿੱਜੀ ਪੱਤਰ ਪ੍ਰੇਰਕ
ਲੁਧੀਆਣਾ, 24 ਫਰਵਰੀ
ਇਥੇ ਵੱਖ-ਵੱਖ ਇਲਾਕਿਆਂ ਵਿੱਚ ਚੋਰਾਂ ਨੇ ਪੰਜ ਦੁਕਾਨਾਂ ਦੇ ਤਾਲੇ ਅਤੇ ਸ਼ਟਰ ਤੋੜ ਕੇ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ। ਥਾਣਾ ਸਲੇਮ ਟਾਬਰੀ ਦੀ ਪੁਲੀਸ ਨੂੰ ਭਾਰਤ ਨਗਰ ਵਾਸੀ ਰਾਹੁਲ ਕੁਮਾਰ ਨੇ ਦੱਸਿਆ ਹੈ ਕਿ ਉਸਨੇ ਜੱਸੀਆਂ ਰੋਡ ਵਾਸੀ ਮਨੀਸ਼ ਕੁਮਾਰ ਦਾ ਇਕ ਹਾਲ ਕਿਰਾਏ ’ਤੇ ਲੈ ਕੇ ਹੌਜ਼ਰੀ ਦੀਆਂ ਕੰਪਿਊਟਰ ਮਸ਼ੀਨਾਂ ਲਗਾਈਆਂ ਸਨ ਜਿਨ੍ਹਾਂ ਵਿੱਚੋਂ ਦੋ ਮਸ਼ੀਨਾਂ ਮਨੀਸ਼ ਕੁਮਾਰ ਨੇ ਚੋਰੀ ਕਰਕੇ ਵੇਚ ਦਿੱਤੀਆਂ ਹਨ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲੀਸ ਨੂੰ ਮਾਡਲ ਟਾਊਨ ਵਾਸੀ ਨਿਕਾਸ ਗੁਪਤਾ ਨੇ ਦੱਸਿਆ ਹੈ ਕਿ ਉਸ ਦੀ ਸ਼ੇਰਪੁਰ ਚੌਕ ਨੇੜੇ ਦਾਸ ਆਟੋ ਜੋਨ ਨਾਮ ਦੀ ਟਾਇਰਾਂ ਦੀ ਦੁਕਾਨ ਹੈ। ਰਾਤ ਨੂੰ ਨਾਮਲੂਮ ਵਿਅਕਤੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰੋਂ 94 ਟਾਇਰ ਚੋਰੀ ਕਰਕੇ ਲੈ ਗਏ ਹਨ। ਇਸੇ ਤਰ੍ਹਾਂ ਮਾਡਲ ਟਾਊਨ ਵਾਸੀ ਜਸਕਰਨ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਪ੍ਰੀਤ ਨਗਰ ਲਿੰਕ ਰੋਡ ਗਿੱਲ ਚੌਕ ਨੇੜੇ ਰਾਜਾ ਇਲੈਕਟ੍ਰਾਨਿਕਸ ਦੀ ਦੁਕਾਨ ਹੈ ਜਿੱਥੇ ਰਾਤ ਨੂੰ ਨਾਮਲੂਮ ਵਿਅਕਤੀ ਪਹਿਲੀ ਮੰਜ਼ਿਲ ਦੀ ਮਮਟੀ ਤੋੜਕੇ ਅੰਦਰੋਂ 3 ਐਲਈਡੀ, 6 ਮੋਬਾਈਲ ਫੋਨ ਅਤੇ 15 ਹਜ਼ਾਰ 500 ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ ਹਨ। ਥਾਣਾ ਹੈਬੋਵਾਲ ਦੀ ਪੁਲੀਸ ਨੂੰ ਪ੍ਰੀਤ ਨਗਰ ਹੈਬੋਵਾਲ ਵਾਸੀ ਦੀਪਕ ਕੁਮਾਰ ਨੇ ਦੱਸਿਆ ਕਿ ਮੱਲ੍ਹੀ ਰੋਡ ’ਤੇ ਉਸਦੀ ਰੈਡੀਮੇਡ ਕੱਪੜਿਆਂ ਦੀ ਦੁਕਾਨ ਵਿੱਚੋਂ ਚੋਰ ਕੱਪੜੇ ਅਤੇ ਮੋਬਾਈਲ ਫੋਨ ਚੋਰੀ ਕਰ ਕੇ ਲੈ ਗਏ ਹਨ। ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿੱਚ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੂੰ ਪਿੰਡ ਕਨੇਚ (ਖੰਨਾ) ਵਾਸੀ ਅਮਰਜੀਤ ਸਿੰਘ ਨੇ ਦੱਸਿਆ ਕਿ ਚੋਰ ਉਸਦਾ ਸਮਰਸੀਬਲ ਦਾ ਸਾਮਾਨ ਚੋਰੀ ਕਰ ਕੇ ਲੈ ਗਏ। ਉਸ ਨੇ ਦੱਸਿਆ ਹੈ ਕਿ ਚੋਰ ਸਬਮਰਸੀਬਲ ਬੋਰ ਕਰਨ ਲਈ ਮਸ਼ੀਨ, 23 ਪਾਈਪਾਂ, 3 ਬੋਕੀਆਂ, 1 ਕਲੰਪ 3-4 ਕੁਇੰਟਲ, 2 ਰੈਂਚ, 2 ਪਾਈਪ ਰੈਂਚ ਅਤੇ ਟੂਲ ਦਾ ਸਾਮਾਨ ਚੋਰੀ ਕਰਕੇ ਲੈ ਗਏ ਹਨ। ਪੁਲੀਸ ਵੱਲੋਂ ਸਾਰੇ ਮਾਮਲਿਆਂ ਵਿੱਚ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।