ਗੁਰਿੰਦਰ ਸਿੰਘ
ਲੁਧਿਆਣਾ, 26 ਜੂਨ
ਟਰੈਫਿਕ ਪੁਲੀਸ ਵੱਲੋਂ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਸ਼ਹਿਰ ਦੇ 18 ਪ੍ਰਮੁੱਖ ਚੌਕਾਂ ਵਿੱਚ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਆਵਾਜਾਈ ਨਿਯਮ ਭੰਗ ਕਰਨ ਵਾਲਿਆਂ ਦੇ ਘਰਾਂ ਵਿੱਚ ਟਰੈਫਿਕ ਚਲਾਨ ਭੇਜੇ ਜਾਣਗੇ। ਇਹ ਕਾਰਵਾਈ 30 ਜੂਨ ਤੋਂ ਸ਼ੁਰੂ ਹੋ ਜਾਵੇਗੀ ਕਿਉਂਕਿ ਇਨ੍ਹਾਂ ਪ੍ਰਮੁੱਖ ਚੌਕਾਂ ਵਿੱਚ ਸੀਸੀਟੀਵੀ ਕੈਮਰੇ ਲਾ ਦਿੱਤੇ ਗਏ ਹਨ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਟਰੈਫਿਕ ਪੁਲੀਸ ਵੱਲੋਂ ਵਰਧਮਾਨ ਚੌਕ, ਦੁਰਗਾ ਮਾਤਾ ਮੰਦਿਰ, ਜਗਰਾਉਂ ਪੁਲ, ਭਾਈ ਬਾਲਾ ਚੌਕ, ਕਾਕਾ ਮੈਰਿਜ ਪੈਲੇਸ ਚੌਕ, ਦਾਣਾ ਮੰਡੀ ਚੌਕ, ਜਨਤਾ ਨਗਰ ਚੌਕ, ਪੁਲੀਸ ਕਲੋਨੀ ਜਮਾਲਪੁਰ ਚੌਕ, ਵੀਰ ਪੈਲੇਸ ਚੌਕ, ਜਮਾਲਪੁਰ ਚੌਕ, ਢੋਲੇਵਾਲ ਚੌਕ, ਪਾਹਵਾ ਚੌਕ, ਮਾਲ ਰੋਡ, ਸੱਗੂ ਚੋਂਕ, ਮਿੰਟਗੁਮਰੀ ਚੌਕ, ਸੁਨੇਤ ਚੌਕ, ਫਿਰੋਜ਼ਪੁਰ ਰੋਡ ਅਤੇ ਲੋਧੀ ਕਲੱਬ ਲਾਗੇ ਸੀਸੀਟੀਵੀ ਕੈਮਰੇ ਲਾਏ ਗਏ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟਰੈਫਿਕ ਪੁਲੀਸ ਵੱਲੋਂ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਸ਼ਹਿਰ ਦੇ ਪੰਜ ਪ੍ਰਮੁੱਖ ਚੌਕਾਂ ਵਿੱਚ ਸੀਸੀਟੀਵੀ ਕੈਮਰੇ ਲਗਾ ਕੇ ਈ-ਚਲਾਨਿੰਗ ਸ਼ੁਰੂ ਕੀਤੀ ਗਈ ਸੀ ਜਿਸ ਦੇ ਚੰਗੇ ਨਤੀਜੇ ਸਾਹਮਣੇ ਆਏ ਸਨ। ਟਰੈਫਿਕ ਪੁਲੀਸ ਵੱਲੋਂ ਚੌਕ ਢੋਲੇਵਾਲ, ਦੁਰਗਾ ਮਾਤਾ ਮੰਦਿਰ ਜਗਰਾਉਂ ਪੁਲ, ਹੀਰੋ ਬੇਕਰੀ ਚੌਕ, ਜਗਰਾਉਂ ਪੁੱਲ ਅਤੇ ਮਾਲ ਰੋਡ ਵਾਲਾ ਛਤਰੀ ਚੌਂਕ ਵਿੱਚ ਕੈਮਰੇ ਲਗਾਏ ਗਏ ਸਨ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਧੜਾ ਧੜ ਈ-ਚਲਾਨ ਵੀ ਮਿਲਣੇ ਸ਼ੁਰੂ ਹੋ ਗਏ ਸਨ, ਪਰ ਲਾਕਡਾਊਨ ਦੌਰਾਨ ਇਸ ਨੂੰ ਰੋਕ ਦਿੱਤਾ ਗਿਆ ਸੀ। ਇਨ੍ਹਾਂ ਇਲਾਕਿਆਂ ਵਿੱਚ ਲੋਕਾਂ ਵੱਲੋਂ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਸ਼ੁਰੂ ਕਰ ਦਿੱਤੀ ਗਈ ਸੀ ਕਿਉਂਕਿ ਕੁਝ ਮਹੀਨੇ ਚੱਲੀ ਇਸ ਕਾਰਵਾਈ ਨਾਲ ਆਵਾਜਾਈ ਟਰੈਫਿਕ ਪੁਲੀਸ ਵੱਲੋਂ ਕਾਫੀ ਚਲਾਨ ਹੋਣ ਕਾਰਨ ਲੋਕਾਂ ਵੱਲੋਂ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਤੋਂ ਗੁਰੇਜ਼ ਕੀਤਾ ਜਾ ਰਿਹਾ ਸੀ।
ਟਰੈਫਿਕ ਬਰਾਂਚ ਵਿੱਚ ਹੋਵੇਗਾ ਕੈਮਰਿਆਂ ਦਾ ਕੰਟਰੋਲ
ਉੱਚ ਕੁਆਲਿਟੀ ਦੇ ਇਨ੍ਹਾਂ ਕੈਮਰਿਆਂ ਦਾ ਕੰਟਰੋਲ ਪੁਲੀਸ ਕੰਟਰੋਲ ਰੂਮ ਸਥਿਤ ਟਰੈਫਿਕ ਬਰਾਂਚ ਵਿੱਚ ਹੋਵੇਗਾ ਜਿੱਥੋਂ ਇਨ੍ਹਾਂ ਕੈਮਰਿਆਂ ਦੀ ਮੌਨੀਟਰਿੰਗ ਕਰ ਕੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਈ-ਚਲਾਨ ਭੇਜੇ ਜਾਣਗੇ। ਇਸ ਤਹਿਤ ਲਾਲ ਬੱਤੀ ਟੱਪਣ ਵਾਲਿਆਂ, ਜੈਬਰਾ ਕਰਾਸ ਦੀ ਉਲੰਘਣਾ ਕਰਨ ਵਾਲਿਆਂ, ਡਰਾਈਵਿੰਗ ਦੌਰਾਨ ਮੋਬਾਈਲ ਸੁਣਨ ਵਾਲਿਆਂ, ਟ੍ਰਿਪਲ ਰਾਈਡਿੰਗ ਕਰਨ ਵਾਲਿਆਂ ਅਤੇ ਓਵਰਲੋਡ ਵਾਹਨਾਂ ਦੇ ਈ-ਚਲਾਨ ਕੱਟੇ ਜਾਣਗੇ। ਇਸ ਤੋਂ ਬਾਅਦ 26 ਹੋਰ ਪ੍ਰਮੁੱਖ ਚੌਕਾਂ ਵਿੱਚ ਵੀ ਸੀਸੀਟੀਵੀ ਕੈਮਰੇ ਲਗਾ ਕੇ ਟਰੈਫਿਕ ਨਿਯਮਾਂ ਵਿੱਚ ਸੁਧਾਰ ਕਰਨ ਲਈ ਕਾਰਵਾਈ ਕੀਤੀ ਜਾਵੇਗੀ।