ਨਿਜੀ ਪੱਤਰ ਪ੍ਰੇਰਕ
ਲੁਧਿਆਣਾ, 6 ਸਤੰਬਰ
ਥਾਣਾ ਡਿਵੀਜ਼ਨ ਨੰਬਰ ਪੰਜ ਦੇ ਇਲਾਕੇ ਸਰਾਭਾ ਨਗਰ ਸਥਿਤ ਇੱਕ ਰੈਸਤਰਾਂ ਵਿੱਚ ਹੋਏ ਝਗੜੇ ਦੌਰਾਨ ਭੰਨ-ਤੋੜ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਮਾਡਲ ਗ੍ਰਾਮ ਵਾਸੀ ਗੁਰਕਰਨਵੀਰ ਸਿੰਘ ਨੇ ਦੱਸਿਆ ਕਿ ਉਹ ਸਰਾਭਾ ਨਗਰ ਸਥਿਤ ਅਨਪਲੱਗਡ ਰੈਸਤਰਾਂ ਵਿੱਚ ਪਰਿਵਾਰ ਸਮੇਤ ਖਾਣਾ ਖਾ ਰਿਹਾ ਸੀ। ਇਸ ਦੌਰਾਨ ਸਾਹਮਣੇ ਟੇਬਲ ’ਤੇ ਬੈਠਾ ਨਿਊ ਜਨਤਾ ਨਗਰ ਵਾਸੀ ਗੁਰਦੀਪ ਸਿੰਘ ਉਸ ਦੀ ਪਤਨੀ ਨੂੰ ਪ੍ਰੇਸ਼ਾਨ ਕਰਨ ਲੱਗ ਪਿਆ। ਉਸ ਵੱਲੋਂ ਮਨ੍ਹਾ ਕਰਨ ’ਤੇ ਜਦੋਂ ਉਹ ਨਾ ਰੁਕਿਆ ਤਾਂ ਰੈਸਤਰਾਂ ਮਾਲਕ ਮਨਜੋਤ ਸਾਹਿਬ ਸਿੰਘ ਨੇ ਵੀ ਉਸ ਨੂੰ ਆ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਬਦਤਮੀਜ਼ੀ ਕਰਦਿਆਂ ਉਸ ’ਤੇ ਪਿਸਤੌਲ ਤਾਣ ਲਿਆ। ਇਸ ਦੌਰਾਨ ਉਸ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ ਜਿਨ੍ਹਾਂ ਨੇ ਮਿਲ ਕੇ ਰੈਸਤਰਾਂ ਦੀ ਭੰਨਤੋੜ ਕੀਤੀ ਅਤੇ ਧਮਕੀਆਂ ਦਿੰਦੇ ਹੋਏ ਆਪਣੀਆਂ ਗੱਡੀਆਂ ਵਿੱਚ ਫ਼ਰਾਰ ਹੋ ਗਏ।
ਇਸ ਬਾਰੇ ਸ਼ਿਕਾਇਤ ਮਿਲਣ ’ਤੇ ਥਾਣੇਦਾਰ ਸੁਲੱਖਣ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕਰਨ ਮਗਰੋਂ ਗੁਰਦੀਪ ਸਿੰਘ ਵਾਸੀ ਨਿਊ ਜਨਤਾ ਨਗਰ, ਮਨਵੀਰ ਸਿੰਘ ਵਾਸੀ ਜਨਤਾ ਨਗਰ ਅਤੇ ਜਗਜੀਤ ਸਿੰਘ ਵਾਸੀ ਲੁਹਾਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।