ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਸਤੰਬਰ
ਬਾਜ਼ਾਰ ਜਾ ਰਹੇ ਸ਼ਸ਼ੀਕਾਂਤ ਸ਼ਰਮਾ ’ਤੇ ਕੁਝ ਦਿਨ ਪਹਿਲਾਂ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਨੂੰ ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਤੋਂ ਦਸ ਮੋਬਾਈਲ, ਮੋਟਰਸਾਈਕਲ ਤੇ ਹਥਿਆਰ ਬਰਾਮਦ ਕੀਤੇ ਹਨ। ਇਸ ਮਾਮਲੇ ਵਿੱਚ ਪੁਲੀਸ ਨੇ ਮੁਹੱਲਾ ਗੁਰੂ ਨਾਨਕ ਨਗਰ ਦੇ ਰਹਿਣ ਵਾਲੇ ਸੰਨੀ, ਅੰਗਰੇਜ਼ ਸਿੰਘ ਉਰਫ਼ ਪ੍ਰਭਾ ਅਤੇ ਹਰਦੇਵ ਸਿੰਘ ਉਰਫ਼ ਆਸ਼ੂ ਵਾਸੀ ਆਦਰਸ਼ ਕਲੋਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਤਿੰਨਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਏਡੀਸੀਪੀ 2 ਦੇਵ ਸਿੰਘ ਨੇ ਦੱਸਿਆ ਕਿ ਰਬੜ ਫੈਕਟਰੀ ਵਿੱਚ ਕੰਮ ਕਰਨ ਵਾਲਾ ਸ਼ਸ਼ੀਕਾਂਤ ਕੁਝ ਦਿਨ ਪਹਿਲਾਂ ਉਹ ਘਰੇਲੂ ਸਾਮਾਨ ਦੀ ਖਰੀਦਦਾਰੀ ਕਰਨ ਲਈ ਬਚਿੱਤਰ ਨਗਰ ਇਲਾਕੇ ਵਿੱਚ ਜਾ ਰਿਹਾ ਸੀ। ਜਦੋਂ ਉਹ ਗਿੱਲ ਰੋਡ ਸਥਿਤ ਗੁਰਦੁਆਰਾ ਸ੍ਰੀ ਗੁਰੂ ਅਰਜੁਨ ਦੇਵ ਜੀ ਨੇੜੇ ਪੁੱਜਾ ਤਾਂ ਮੋਟਰਸਾਈਕਲ ਸਵਾਰ ਮੁਲਜ਼ਮਾਂ ਨੇ ਸ਼ਸ਼ੀਕਾਂਤ ਨੂੰ ਜ਼ਖਮੀ ਕਰ ਦਿੱਤਾ ਅਤੇ ਉਸ ਦਾ ਮੋਬਾਈਲ ਲੁੱਟ ਕੇ ਫ਼ਰਾਰ ਹੋ ਗਏ। ਸ਼ਸ਼ੀਕਾਂਤ ਨੇ ਪੁਲੀਸ ਨੂੰ ਇਸ ਦੀ ਸ਼ਿਕਾਇਤ ਕੀਤੀ। ਥਾਣਾ ਸ਼ਿਮਲਾਪੁਰੀ ਦੇ ਐੱਸਐੱਚਓ ਇੰਸਪੈਕਟਰ ਬਲਵਿੰਦਰ ਸਿੰਘ ਦੀ ਟੀਮ ਨੇ ਮੁਲਜ਼ਮਾਂ ਨੂੰ ਫੜ ਲਿਆ। ਪੁਲੀਸ ਅਨੁਸਾਰ ਤਿੰਨੋਂ ਮੁਲਜ਼ਮ ਨਸ਼ੇ ਦੀ ਪੂਰਤੀ ਲਈ ਅਪਰਾਧ ਕਰਦੇ ਸਨ। ਮੁਲਜ਼ਮ ਅੰਗਰੇਜ਼ ਸਿੰਘ ਅਤੇ ਹਰਦੇਵ ਸਿੰਘ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ ਜੋ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਏ ਸਨ।