ਡੀਪੀਐੱਸ ਬੱਤਰਾ
ਸਮਰਾਲਾ, 14 ਨਵੰਬਰ
ਸਥਾਨਕ ਪੁਲੀਸ ਨੇ ਕਾਰ ਸਵਾਰ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਤਿੰਨ ਪਿਸਤੌਲ ਅਤੇ 30 ਕਾਰਤੂਸ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਸਾਰੇ ਨੌਜਵਾਨ ਲੁਧਿਆਣਾ ਦੇ ਰਹਿਣ ਵਾਲੇ ਹਨ ਅਤੇ ਪੁਲੀਸ ਵੱਲੋਂ ਇਨ੍ਹਾਂ ਕੋਲੋਂ ਪੁੁੱਛ-ਪੜਤਾਲ ਕੀਤੀ ਜਾ ਰਹੀ ਹੈ।
ਥਾਣਾ ਸਮਰਾਲਾ ਦੇ ਐੱਸਐੱਚਓ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਹੇਡੋਂ ਪੁਲੀਸ ਚੌਕੀ ਅੱਗੇ ਵਿਸ਼ੇਸ਼ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਚੰਡੀਗੜ੍ਹ ਵੱਲੋਂ ਇਕ ਵਰਨਾ ਕਾਰ, ਜਿਸ ਵਿੱਚ ਤਿੰਨ ਨੌਜਵਾਨ ਸਵਾਰ ਸਨ, ਨੂੰ ਜਦੋਂ ਪੁਲੀਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਨ੍ਹਾਂ ਨੇ ਨਾਕੇ ਤੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਤੁਰੰਤ ਰੋਕਾਂ ਲਾ ਕੇ ਇਨ੍ਹਾਂ ਦੀ ਗੱਡੀ ਰੋਕ ਲਿਆ। ਇਸ ਦੌਰਾਨ ਕਾਰ ਸਵਾਰ ਨੌਜਵਾਨਾਂ ਨੇ ਗੱਡੀ ਛੱਡ ਕੇ ਭੱਜਣ ਦੀ ਕੋਸ਼ਿਸ਼ ਤਾਂ ਸਹਾਇਕ ਥਾਣੇਦਾਰ ਪਵਨਜੀਤ ਅਤੇ ਹੋਰ ਪੁਲੀਸ ਮੁਲਾਜ਼ਮਾਂ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਲੈਣ ’ਤੇ ਇਨ੍ਹਾਂ ਕੋਲੋ ਤਿੰਨ ਪਿਸਤੌਲਾਂ ਅਤੇ 30 ਕਾਰਤੂਸ ਬਰਾਮਦ ਹੋਏ ਹਨ।
ਐੱਸਐੱਚਓ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਨੌਜਵਾਨਾਂ ਦੀ ਪਛਾਣ ਪੰਕਜ ਰਾਜਪੂਤ ਤਜਪੁਰ ਰੋਡ ਲੁਧਿਆਣਾ, ਅਪਰੂਵ ਚੋਪੜਾ ਵੱਡੀ ਹੈੱਬੋਵਾਲ ਅਤੇ ਰਾਮ ਚੇਤਨ ਗੋਪਾਲ ਨਗਰ ਟਿੱਬਾ ਲੁਧਿਆਣਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਪੜਤਾਲ ਦੌਰਾਨ ਪਤਾ ਲਾਇਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਕੋਲ ਹਥਿਆਰ ਕਿਥੋਂ ਆਏ ਅਤੇ ਇਨ੍ਹਾਂ ਹਥਿਆਰਾਂ ਨਾਲ ਇਹ ਕਿਹੜੀ ਵਾਰਦਾਤ ਕਰਨ ਦੀ ਫਿਰਾਕ ਵਿੱਚ ਸਨ।