ਪੱਤਰ ਪ੍ਰੇਰਕ
ਜਗਰਾਉਂ, 24 ਨਵੰਬਰ
ਸਥਾਨਕ ਪੁਲੀਸ ਨੇ ਸ਼ਹਿਰ ਵਿੱਚ ਦੋ ਥਾਵਾਂ ’ਤੇ ਛਾਪਾ ਮਾਰ ਕੇ ਤਿੰਨ ਵਿਅਕੀਤਆਂ ਨੂੰ ਸੱਟੇ ਦੀ ਰਾਸ਼ੀ ਅਤੇ ਪਰਚੀਆਂ ਸਮੇਤ ਹਿਰਾਸਤ ਵਿੱਚ ਲਿਆ ਅਤੇ ਇੱਕ ਸ਼ਰਾਬ ਤਸਕਰ ਸ਼ਰਾਬ ਸੁੱਟ ਕੇ ਭੱਜ ਗਿਆ। ਚਾਰਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਏਐੱਸਆਈ ਬਲਬੀਰ ਚੰਦ ਨੇ ਦੱਸਿਆ ਕਿ ਮੁਖਬਰ ਦੀ ਸੂਚਨਾ ’ਤੇ ਸਵਾਮੀ ਨਰਾਇਣ ਚੌਕ ਵਿੱਚ ਛਾਪਾ ਮਾਰ ਕੇ ਉੱਤਮ ਸਿੰਘ ਉਰਫ ਭੋਲਾ ਵਾਸੀ ਪਿੰਡ ਸ਼ਾਹਜਹਾਨਪੁਰ (ਰਾਏਕੋਟ) ਨੂੰ ਰੰਗੇ ਹੱਥੀਂ ਕਾਬੂ ਕੀਤਾ। ਉਸ ਕੋਲੋਂ 1700 ਰੁਪਏ ਨਕਦ ਤੇ ਸੱਟਾ ਲਾਉਣ ਵੇਲੇ ਵਰਤੀਆਂ ਜਾਂਦੀਆ ਪਰਚੀਆਂ ਬਰਾਮਦ ਹੋਈਆਂ। ਪੁਲੀਸ ਨੇ ਦੂਜਾ ਛਾਪਾ ਸੁਭਾਸ਼ ਗੇਟ ਮਾਰਿਆ ਜਿੱਥੋਂ ਜੂਆ ਖੇਡ ਰਹੇ ਅਕਾਸ਼, ਗੁਰਪ੍ਰੀਤ ਸਿੰਘ ਦੋਵੇਂ ਵਾਸੀ ਅਗਵਾੜ ਲੋਪੋ ਡਾਲਾ ਨੂੰ ਗ੍ਰਿਫਤਾਰ ਕੀਤਾ। ਦੋਵਾਂ ਕੋਲੋਂ 2800 ਰੁਪਏ ਅਤੇ ਤਾਸ਼ ਬਰਾਮਦ ਹੋਈ। ਤੀਸਰੇ ਮਾਮਲੇ ਵਿੱਚ ਸਬ-ਇੰਸਪੈਕਟਰ ਚਮਕੌਰ ਸਿੰਘ ਨੇ ਥਾਣਾ ਸਦਰ ਦੇ ਪਿੰਡ ਬਰਸਾਲ ਤੋਂ ਪੋਨਾ ਨੂੰ ਆਉਂਦੀ ਸੜਕ ’ਤੇ ਨਾਕੇ ਦੌਰਾਨ ਐਕਟਿਵਾ ਨੰਬਰ ਪੀਬੀ 25 ਜੀ 4947 ’ਤੇ ਮੂੰਹ ਬੰਨੀ ਆ ਰਹੇ ਸਖਸ਼ ਨੂੰ ਰੋਕਿਆ ਤਾਂ ਉਹ ਸਕੂਟਰ ਛੱਡ ਖੇਤਾਂ ਵੱਲ ਨੂੰ ਦੌੜ ਗਿਆ। ਪੁਲੀਸ ਪਾਰਟੀ ਵਿੱਚ ਤਾਇਨਾਤ ਸਿਪਾਹੀ ਸੁਖਦੀਪ ਸਿੰਘ ਨੇ ਉਸ ਨੂੰ ਪਛਾਣ ਕੇ ਉਸ ਦਾ ਨਾਮ ਸਰਵਜੋਤ ਸਿੰਘ ਨੱਨਾ ਲੈ ਕੇ ਅਵਾਜ਼ਾਂ ਵੀ ਮਾਰੀਆਂ ਪਰ ਉਹ ਨਹੀਂ ਰੁਕਿਆ । ਸਕੂਟਰ ਅੱਗੇ ਰੱਖੀ ਬੋਰੀ ਨੂੰ ਜਦੋਂ ਖੋਲ ਕੇ ਦੇਖਿਆ ਤਾਂ ਉਸ ਵਿਚ 60 ਬੋਤਲਾਂ ਹਰਿਆਣਾ ਮੇਡ ਸ਼ਰਾਬ ਮਿਲੀ । ਭੱਜਣ ਸਮੇਂ ਮੁਲਜ਼ਮ ਰੈਡਮੀ ਕੰਪਨੀ ਦਾ ਟੱਚ ਫੋਨ ਵੀ ਉੱਥੇ ਹੀ ਸੁੱਟ ਗਿਆ।