ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਅਕਤੂਬਰ
ਮੋਤੀ ਨਗਰ ਗਲਾਡਾ ਗਰਾਊਂਡ ’ਚ ਹਥਿਆਰਾਂ ਦਿਖਾ ਕਿਸੇ ਵੱਡੀ ਫੈਕਟਰੀ ’ਚ ਲੁੱਟ ਦੀ ਯੋਜਨਾ ਬਣਾ ਰਹੇ ਤਿੰਨ ਮੁਲਜ਼ਮਾਂ ਨੂੰ ਸੀਆਈਏ-2 ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ 2 ਮੁਲਜ਼ਮ ਫ਼ਰਾਰ ਹੋ ਗਏ। ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਦੇ ਕਬਜ਼ੇ ’ਚੋਂ ਕਾਰ, 2 ਮੋਟਸਾਈਕਲ, ਤੇਜ਼ਧਾਰ ਹਥਿਆਰ ਅਤੇ ਰਾਹਗੀਰਾਂ ਤੋਂ ਲੁੱਟੇ ਹੋਏ ਵੱਖ-ਵੱਖ ਕੰਪਨੀਆਂ ਦੇ 14 ਮੋਬਾਈਲ ਫੋਨ ਬਰਾਮਦ ਕੀਤੇ ਹਨ। ਪੁਲੀਸ ਨੇ ਇਸ ਮਾਮਲੇ ’ਚ ਮੁਹੱਲਾ ਜਨਕਪੁਰੀ ਵਾਸੀ ਗੁਰਵਿੰਦਰ ਸਿੰਘ ਉਰਫ਼ ਦੀਪੂ, ਮੁਹੱਲਾ ਹਰਿ ਕਰਤਾਰ ਕਲੋਨੀ ਵਾਸੀ ਅਮਨ ਸਿੰਘ ਉਰਫ਼ ਅਮਨ ਤੇ ਮੁਹੱਲਾ ਇਸਲਾਮਗੰਜ ਵਾਸੀ ਜਸਪਾਲ ਕੁਮਾਰ ਮੁੰਜਾਲ ਉਰਫ਼ ਤੋਤਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਜਦੋਂ ਕਿ ਫ਼ਰਾਰ ਹੋਏ ਮੁਲਜ਼ਮਾਂ ਦੀ ਪਛਾਣ ਮੁਹੱਲਾ ਗਣੇਸ਼ ਨਗਰ ਵਾਸੀ ਮੁਹੰਮਦ ਮਹਿਮੂਦ ਉਰਫ਼ ਮੁੱਲ੍ਹਾ ਅਤੇ ਸ਼ਿਮਲਾਪੁਰੀ ਸਥਿਤ ਅਮਨਦੀਪ ਸਿੰਘ ਉਰਫ਼ ਅਮਨ ਵਜੋਂ ਹੋਈ ਹੈ, ਜਿਨ੍ਹਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। ਪੁਲੀਸ ਨੇ ਇਸ ਮਾਮਲੇ ’ਚ ਚੋਰੀ ਦਾ ਸਾਮਾਨ ਸੰਭਾਲਣ ਵਾਲੇ ਇੰਡਸਟਰੀ ਏਰੀਆ-ਏ ਸਥਿਤ ਟੈਕਸਟਾਈਲ ਕਲੋਨੀ ਵਾਸੀ ਕੁਲਦੀਪ ਕੁਮਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
ਡੀਐਸਪੀ ਇਨਵੈਸਟੀਗੇਸ਼ਨ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਸੂਹ ਦੇ ਆਧਾਰ ’ਤੇ ਗਲਾਡਾ ਗਰਾਊਂਡ ਦੀ ਘੇਰਾਬੰਦੀ ਕਰਕੇ ਲੁੱਟ ਦੀ ਯੋਜਨਾ ਬਣਾਉਂਦੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ, ਜਦੋਂ ਕਿ 2 ਜਣੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲੀਸ ਵੱਲੋਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਦਿੱਲੀ ਰੋਡ ਅਤੇ ਸ਼ਹਿਰ ਦੇ ਕਈ ਇਲਾਕਿਆਂ ’ਚ ਲੁੱਟ ਦੀਆਂ 50 ਦੇ ਕਰੀਬ ਵਾਰਦਾਤਾਂ ਕਰ ਚੁੱਕੇ ਹਨ। ਪੁਲੀਸ ਅਨੁਸਾਰ ਮੁਲਜ਼ਮ ਆਪਣਾ ਚੋਰੀ ਦਾ ਸਾਮਾਨ ਉਤਰ ਪ੍ਰਦੇਸ਼ ਦੇ ਆਜ਼ਮਗੜ੍ਹ ਸਥਿਤ ਗੁਰਥਾਣੀ ਪਿੰਡ ਦੇ ਰਹਿਣ ਵਾਲੇ ਕੁਲਦੀਪ ਕੁਮਾਰ ਦੇ ਘਰ, ਜੋ ਕਿ ਇਸ ਸਮੇਂ ਇੰਡਸਟਰੀ ਏਰੀਆ-ਏ ਦੀ ਟੈਕਸਟਾਈਲ ਕਲੋਨੀ ’ਚ ਰਹਿੰਦਾ ਹੈ, ਕੋਲ ਰੱਖਦੇ ਹਨ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਉਸ ਦੇ ਕਬਜ਼ੇ ’ਚੋਂ ਵੱਖ-ਵੱਖ ਕੰਪਨੀਆਂ ਦੇ 24 ਦੇ ਕਰੀਬ ਮੋਬਾਇਲ ਫੋਨ ਬਰਾਮਦ ਕੀਤੇ ਹਨ।
ਨਸ਼ਾ ਤਸਕਰ ਗ੍ਰਿਫ਼ਤਾਰ
ਸੀਆਈਏ-2 ਦੀ ਟੀਮ ਨੇ ਰਾਹੋ ਰੋਡ ਸਥਿਤ ਗਹਿਲੇਵਾਲ ਇਲਾਕੇ ’ਚ ਨਾਕਾਬੰਦੀ ਦੌਰਾਨ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਤੋਂ ਤਲਾਸ਼ੀ ਦੌਰਾਨ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਮਾਮਲੇ ’ਚ ਪੁਲੀਸ ਨੇ ਮੁਹੱਲਾ ਨਿਊ ਮਾਧੋਪੁਰੀ ਵਾਸੀ ਵਿਨੋਦ ਜੈਸਵਾਲ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੁਲੀਸ ਦੀ ਨਾਕਾਬੰਦੀ ਨੂੰ ਦੇਖ ਕੇ ਮੁਲਜ਼ਮ ਪਿੱਛੇ ਮੁੜ ਗਿਆ। ਜਦੋਂ ਮੁਸ਼ਤੈਦੀ ਦਿਖਾਉਂਦਿਆਂ ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲੀਸ ਅਨੁਸਾਰ ਮੁਲਜ਼ਮ ਨਸ਼ਾ ਕਰਨ ਦਾ ਆਦੀ ਹੈ ਤੇ ਮੂਲ ਰੂਪ ਤੋਂ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਗੌਂਡਾ ਸਥਿਤ ਸਿਸਰਾਓ ਦਾ ਰਹਿਣ ਵਾਲਾ ਹੈ। ਉਹ ਨਸ਼ਾ ਪੂਰਤੀ ਲਈ ਨਸ਼ਾ ਤਸਕਰੀ ਦਾ ਧੰਦਾ ਕਰਦਾ ਸੀ। ਪੁਲੀਸ ਮੁਲਜ਼ਮ ਤੋਂ ਪੁੱਛ ਪੜਤਾਲ ਕਰਨ ਲੱਗੀ ਹੋਈ ਹੈ।