ਨਿੱਜੀ ਪੱਤਰ ਪ੍ਰੇਰਕ
ਖੰਨਾ, 28 ਜੁਲਾਈ
ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਰਵੀ ਕੁਮਾਰ ਨੇ ਕਿਹਾ ਕਿ ਇੰਸਪੈਕਟਰ ਕੁਲਜਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਸਮਾਧੀ ਰੋਡ ’ਤੇ ਮੌਜੂਦ ਸਨ ਕਿ ਮੁਖਬਰ ਨੇ ਇਤਲਾਹ ਦਿੱਤੀ ਕਿ ਪਰਵੇਜ਼ ਉਰਫ਼ ਬੱਚੀ ਵਾਸੀ ਉੱਤਮ ਨਗਰ ਖੰਨਾ, ਨਿਤੇਸ਼ ਕੁਮਾਰ ਉਰਫ ਗੋਲੂ ਉਰਫ਼ ਰਾਘਵ ਵਾਸੀ ਵਿਕਾਸ ਨਗਰ ਗੋਬਿੰਦਗੜ੍ਹ, ਗਗਨਦੀਪ ਸਿੰਘ ਵਾਸੀ ਲੱਝਵੇਂ ਖੰਨਾ, ਸੰਦੀਪ ਸਿੰਘ ਤੇ ਬਲਦੇਵ ਸਿੰਘ ਵਾਸੀ ਬੀਆਂ ਵਾਲਾ ਰੋਡ ਖੰਨਾ ਜਾਅਲੀ ਕਰੰਸੀ ਦਾ ਧੰਦਾ ਕਰਦੇ ਹਨ ਤੇ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਹਨ। ਅੱਜ ਇਹ ਕੋਰਟ ਕੰਪਲੈਕਸ ਰਤਨਹੇੜੀ ਫਾਟਕ ਵਿੱਚ ਆਮ ਲੋਕਾਂ ਨੂੰ ਗੁਮਰਾਹ ਕਰ ਕੇ ਧੋਖਾ ਦੇ ਰਹੇ ਹਨ ਅਤੇ ਛੋਟੀਆਂ ਦੁਕਾਨਾਂ ’ਤੇ ਵੀ ਜਾਅਲੀ ਕਰੰਸੀ ਚਲਾਈ ਜਾ ਰਹੀ ਹੈ। ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਉਕਤ ਵਿਅਕਤੀ ਜਾਅਲੀ ਕਰੰਸੀ ਸਮੇਤ ਕਾਬੂ ਹੋ ਸਕਦੇ ਹਨ।
ਪੁਲੀਸ ਨੇ ਕਾਰਵਾਈ ਕਰਦਿਆਂ ਕਥਿਤ ਦੋਸ਼ੀਆਂ ਨੂੰ 5800 ਰੁਪਏ ਦੀ ਜਾਅਲੀ ਕਰੰਸੀ, ਤਿੰਨ ਮੋਟਰਸਾਈਕਲਾਂ ਅਤੇ ਇੱਕ ਪ੍ਰਿੰਟਰ ਤੇ ਸਕੈਨਰ ਸਮੇਤ ਗ੍ਰਿਫ਼ਤਾਰ ਕੀਤਾ। ਐੱਸਐੱਸਪੀ ਅਨੁਸਾਰ ਕਥਿਤ ਦੋਸ਼ੀਆਂ ਦਾ ਪੁਲੀਸ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਪਾਸੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।