ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਅਗਸਤ
ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਉਸੇ ਤਹਿਤ ਹੁਣ ਸਿਆਸੀ ਆਗੂ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਕਾਰਨ ਆਪਣੀ ਸਿਆਸੀ ਜ਼ਮੀਨ ਬਚਾਉਣ ਵਿੱਚ ਲੱਗ ਗਏ ਹਨ, ਖਾਸ ਕਰ ਭਾਜਪਾ ਵਿੱਚ ਆਗੂ ਲਗਾਤਾਰ ਅਸਤੀਫ਼ਾ ਦੇ ਰਹੇ ਹਨ। ਲੁਧਿਆਣਾ ਵਿੱਚ ਵੀ ਭਾਜਪਾ ਨੂੰ ਅੱਜ ਵੱਡਾ ਝਟਕਾ ਲੱਗਿਆ ਹੈ, ਜਿਸ ਵਿਚ ਭਾਜਪਾ ਦੇ ਸੀਨੀਅਰ ਆਗੂ ਤੇ ਭਾਜਪਾ ਵੱਲੋਂ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਚੋਣ ਲੜਨ ਵਾਲੇ ਆਗੂ ਕਮਲ ਚੇਤਲੀ, ਸਾਬਕਾ ਡਿਪਟੀ ਮੇਅਰ ਆਰਡੀ ਸ਼ਰਮਾ ਤੇ ਸਾਬਕਾ ਕੌਂਸਲਰ ਰਾਜੇਸ਼ ਸ਼ਰਮਾ ਮਿੰਟੂ ਨੇ ਭਾਜਪਾ ਨੂੰ ਅਲਵਿਦਾ ਕਹਿ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਤੱਕੜੀ ਫੜ ਲਈ ਹੈ। ਤਿੰਨਾਂ ਹੀ ਆਗੂਆਂ ਨੇ ਅਸਤੀਫ਼ੇ ਵਿੱਚ ਖੇਤੀ ਕਾਨੂੰਨਾਂ ਨੂੰ ਹੀ ਕਾਰਨ ਦੱਸਿਆ ਹੈ।
ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਭਾਜਪਾ ਆਗੂ ਖੇਤੀ ਕਾਨੂੰਨਾਂ ਕਾਰਨ ਲੋਕਾਂ ਦਾ ਵਿਰੋਧ ਝੱਲ ਰਹੇ ਸਨ। ਇਸ ਕਾਰਨ ਭਾਜਪਾ ਦੇ ਕੁੱਝ ਆਗੂ ਅੰਦਰਖਾਤੇ ਪਹਿਲਾਂ ਭਾਜਪਾ ਤੋਂ ਨਾਰਾਜ਼ ਚੱਲ ਰਹੇ ਸਨ ਪਰ ਪਿਛਲੇ ਕੁੱਝ ਦਿਨਾਂ ਤੋਂ ਇਹ ਆਗੂ ਲਗਾਤਾਰ ਭਾਜਪਾ ਦਾ ਖੁੱਲ੍ਹ ਕੇ ਵਿਰੋਧ ਕਰਨ ਲੱਗੇ। ਲੁਧਿਆਣਾ ਦੇ ਹਲਕਾ ਪੱਛਮੀ ਤੋਂ ਮੰਤਰੀ ਆਸ਼ੂ ਖ਼ਿਲਾਫ਼ ਚੋਣ ਲੜਨ ਵਾਲੇ ਕਮਲ ਚੇਤਲੀ, ਸਾਬਕਾ ਡਿਪਟੀ ਮੇਅਰ ਆਰਡੀ ਸ਼ਰਮਾ ਤੇ ਸਾਬਕਾ ਕੌਂਸਲਰ ਰਾਜੇਸ਼ ਸ਼ਰਮਾ ਮਿੰਟੂ ਨੇ ਤਾਂ ਅਨਿਲ ਜੋਸ਼ੀ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਕਰਦੇ ਹੀ ਕਿਸਾਨਾਂ ਦੇ ਹੱਕ ਵਿੱਚ ਖੁੱਲ੍ਹ ਕੇ ਸਮਰਥਣ ਦਾ ਐਲਾਨ ਕਰ ਦਿੱਤਾ। ਇਨ੍ਹਾਂ ਤਿੰਨਾਂ ਆਗੂਆਂ ਨੇ ਦੋਸ਼ ਵੀ ਲਗਾਏ ਸਨ ਕਿ ਪੰਜਾਬ ਦੀ ਸੂਬਾ ਕਾਰਜਕਾਰਨੀ ਵਿੱਚ ਕੋਈ ਸੁਣਵਾਈ ਨਹੀਂ ਹੈ।