ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 14 ਜੁਲਾਈ
ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਸਟੋਰਕੀਪਰ ਹਰਪ੍ਰੀਤ ਸਿੰਘ ਹੈਪੀ ਉੱਪਰ ਜਾਨਲੇਵਾ ਹਮਲਾ ਕਰਨ ਵਾਲੇ ਤਿੰਨ ਹਥਿਆਰਬੰਦ ਵਿਅਕਤੀਆਂ ਵਿਰੁੱਧ ਥਾਣਾ ਰਾਏਕੋਟ ਸ਼ਹਿਰੀ ਪੁਲੀਸ ਨੇ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਜਾਂਚ ਅਫ਼ਸਰ ਅਤੇ ਥਾਣਾ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਅਨੁਸਾਰ ਗੁਰਦੁਆਰੇ ਦੀ ਡਿਉਢੀ ਲਾਗੇ ਜੂਸ ਦੀ ਰੇਹੜੀ ਲਾਉਣ ਵਾਲੇ ਪ੍ਰੇਮ ਸਿੰਘ ਵਾਸੀ ਰਾਏਕੋਟ, ਗੁਰਜੀਤ ਸਿੰਘ ਵਾਸੀ ਝੋਰੜਾਂ ਅਤੇ ਬੂਟਾ ਸਿੰਘ ਵਾਸੀ ਬੋਪਾਰਾਏ ਖ਼ੁਰਦ ਨੇ ਬੀਤੀ ਸ਼ਾਮ ਰਾਏਕੋਟ ਦੇ ਮੁੱਖ ਬੱਸ ਅੱਡਾ ਨੇੜੇ ਰਹਿਣ ਵਾਲੇ ਹਰਪ੍ਰੀਤ ਸਿੰਘ ਹੈਪੀ ਉੱਪਰ ਮਾਰੂ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸਾਰੇ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਗਏ ਹਨ ਅਤੇ ਹਮਲੇ ਸਮੇਂ ਵਰਤੇ ਹਥਿਆਰ ਦੋ ਕਿਰਪਾਨਾਂ ਅਤੇ ਇੱਕ ਡਾਂਗ ਵੀ ਮੁਲਜ਼ਮਾਂ ਕੋਲੋਂ ਬਰਾਮਦ ਕਰ ਲਏ ਗਏ ਹਨ। ਬਿਆਨਾਂ ਵਿੱਚ ਮੁੱਦਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਬੀਤੀ ਸ਼ਾਮ ਉਹ ਗੁਰੂਘਰ ਵਿੱਚੋਂ ਆਪਣੀ ਡਿਊਟੀ ਖ਼ਤਮ ਕਰ ਕੇ ਘਰ ਜਾ ਰਿਹਾ ਸੀ ਤਾਂ ਪਹਿਲਾਂ ਇਨ੍ਹਾਂ ਨੇ ਡਿਉਢੀ ਨੇੜੇ ਗਾਲ਼ੀ-ਗਲੋਚ ਕੀਤਾ ਅਤੇ ਬਾਅਦ ਵਿੱਚ ਪਿੱਛਾ ਕਰਦਿਆਂ ਬੱਸ ਅੱਡੇ ਨੇੜੇ ਗਲੀ ਵਿੱਚ ਘੇਰ ਕੇ ਹਮਲਾ ਕਰ ਦਿੱਤਾ। ਜਾਂਚ ਅਫ਼ਸਰ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਜ਼ਬਰਦਸਤੀ ਜੂਸ ਦੀ ਰੇਹੜੀ ਤਾਂ ਲਾਈ ਹੀ ਹੋਈ ਹੈ, ਇਹ ਅਕਸਰ ਮਰਿਆਦਾ ਦੇ ਨਾਂ ’ਤੇ ਗੁਰੂਘਰ ਦੇ ਕਾਰਜਾਂ ਵਿੱਚ ਵੀ ਦਖ਼ਲਅੰਦਾਜ਼ੀ ਕਰਦੇ ਰਹਿੰਦੇ ਹਨ।