ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 8 ਜੁਲਾਈ
ਪਿੰਡ ਰੱਤੋਵਾਲ ਵਾਸੀ ਸਾਬਕਾ ਥਾਣੇਦਾਰ ਪਰਮਜੀਤ ਸਿੰਘ ਤੇ ਉਸ ਦੇ ਦੋ ਭਰਾਵਾਂ ਕਮਲਜੀਤ ਸਿੰਘ ਤੇ ਸਰਬਾ ਖ਼ਿਲਾਫ਼ ਥਾਣਾ ਸੁਧਾਰ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਪਿੰਡ ਹਲਵਾਰਾ ਵਾਸੀ ਮਨਜੀਤ ਕੌਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦਲਜੀਤ ਕੌਰ ਪਤਨੀ ਹਾਕਮ ਸਿੰਘ ਵਾਸੀ ਪਿੰਡ ਬੁਲਾਰਾ ਦੀ ਮਾਲਕੀ ਵਾਲੀ ਪਿੰਡ ਰੱਤੋਵਾਲ ਵਿੱਚ ਸਥਿਤ ਇੱਕ ਏਕੜ ਜ਼ਮੀਨ ਫਰਵਰੀ 2023 ਵਿੱਚ ਖ਼ਰੀਦੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਮਨ੍ਹਾਂ ਕਰਨ ਦੇ ਬਾਵਜੂਦ ਸਾਬਕਾ ਥਾਣੇਦਾਰ ਤੇ ਉਸ ਦੇ ਦੋ ਭਰਾਵਾਂ ਨੇ ਉਨ੍ਹਾਂ ਦੀ ਜ਼ਮੀਨ ਵਿੱਚ ਝੋਨਾ ਲਗਾ ਦਿੱਤਾ ਸੀ ਤੇ ਉਨ੍ਹਾਂ ਉੱਪਰ ਜਾਨਲੇਵਾ ਹਮਲਾ ਵੀ ਕੀਤਾ ਸੀ। ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਨੇ ਇਸ ਮਾਮਲੇ ਦੀ ਜਾਂਚ ਉਪ ਪੁਲੀਸ ਕਪਤਾਨ ਦਾਖਾ ਜਤਿੰਦਰਪਾਲ ਸਿੰਘ ਨੂੰ ਸੌਂਪੀ ਸੀ। ਜਾਂਚ ਦੌਰਾਨ ਦੋਸ਼ਾਂ ਦੀ ਪੁਸ਼ਟੀ ਮਗਰੋਂ ਕੇਸ ਦਰਜ ਕੀਤਾ ਗਿਆ ਹੈ।