ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 3 ਸਤੰਬਰ
ਵਰ੍ਹਿਆਂ ਤੋਂ ਨਿਰਮਾਣ ਅਧੀਨ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਬਣੇ ਪੁਲਾਂ ਦੀਆਂ ਸਲੇਟਾਂ ਡਿੱਗਣ, ਬਾਰਸ਼ਾਂ ਦੇ ਪਾਣੀ ਨਾਲ ਖਾਰਾਂ ਪੈਣ, ਉੱਚੇ-ਨੀਵੇਂ ਹੋਣ ਕਾਰਨ ਚਰਚਾ ਵਿੱਚ ਹਨ । ਇਨ੍ਹਾਂ ਸਬੰਧੀ ਇਲਾਕੇ ਭਰ ਦੀਆਂ ਸਮਾਜ-ਸੇਵੀ ਸੰਸਥਾਵਾਂ, ਬਾਰ-ਐਸੋਸੀਏਸ਼ਨ, ਵਪਾਰੀ ਮੰਡਲ, ਬੁੱਧੀਜੀਵੀ ਵਰਗ ਸਮੇਤ ਦਰਜਨ ਦੇ ਕਰੀਬ ਜਨਤਕ ਜਥੇਬੰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ, ਨੈਸ਼ਨਲ ਹਾਈਵੇ ਅਥਾਰਟੀ, ਠੇਕੇਦਾਰ ਆਦਿ ਰਾਹੀਂ ਆਪਣਾ ਫਰਜ਼ ਅਤੇ ਹੱਕ ਸਮਝਦੇ ਹੋਏ ਸ਼ਿਕਾਇਤਾਂ ਕੀਤੀਆਂ । ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਵੀ ਕਰੀਬ ਤਿੰਨ ਵਰ੍ਹੇ ਪਹਿਲਾਂ ਜਗਰਾਉਂ ਅਤੇ ਦਾਖਾ ਹਲਕੇ ਦੇ ਲੋਕਾਂ ਨਾਲ ਪੁਲਾਂ ਦਾ ਨਿਰੀਖਣ ਕਰਨ ਉਪਰੰਤ ਜਲਦੀ ਢੁੱਕਵੇਂ ਹੱਲ ਦਾ ਭਰੋਸਾ ਦਿੱਤਾ। ਤਰਾਸਦੀ ਇਹ ਰਹੀ ਕਿ ਵਾਰ-ਵਾਰ ਪੁਲ ਉਖੜਦੇ ਰਹੇ ਤੇ ਲਿੱਪਾ-ਪੋਚੀ ਚਲਦੀ ਰਹੀ ਜੋ ਹੁਣ ਤੱਕ ਵੀ ਜਾਰੀ ਹੈ । ਮੋਗਾ ਤੋਂ ਲੈ ਕੇ ਮੁੱਲਾਂਪੁਰ ਦਾਖਾ, ਬੱਦੋਵਾਲ ਛਾਉਣੀ ਤੱਕ ਕੋਈ ਵੀ ਅਜਿਹਾ ਪੁਲ ਨਹੀਂ ਹੈ ਜੋ ਸੁਰੱਖਿਆ ਮਾਪਦੰਡਾਂ ’ਤੇ ਖਰਾ ਉਤਰਦਾ ਹੋਵੇ । ਕਾਰਨ ਇਹ ਹੈ ਕਿ ਪੁਲਾਂ ਦੇ ਨਿਰਮਾਣ ਸਮੇਂ ਪੁਲਾਂ ਉਪਰ ਖੜ੍ਹਨ ਵਾਲੇ ਬਾਰਸ਼ਾਂ ਦੇ ਪਾਣੀ ਦੀ ਨਿਕਾਸੀ, ਸਲੇਟਾਂ ਨਾਲ ਕੀਤੀ ਉਸਾਰੀ ਵਿੱਚ ਪਾਈ ਮਿੱਟੀ ਦੀ ਕੁਟਾਈ ਨਾ ਹੋਣ ਕਾਰਨ ਪੁਲ ਉਪਰੋਂ ਦੱਬ ਗਏ। ਹੌਲੀ-ਹੌਲੀ ਸਲੇਟਾਂ ਉਖੜਨ ਲੱਗੀਆਂ ਸਿੱਧਵਾਂ ਕਲਾਂ, ਮਲਕ ਚੌਕ, ਬੱਸ ਟਰਮੀਨਲ ਚੌਕ, ਚੌਕੀਮਾਨ ਆਦਿ ਥਾਂ ਬਣੇ ਪੁਲਾਂ ਦੀ ਪੰਜ-ਪੰਜ, ਛੇ-ਛੇ ਵਾਰ ਤਾਂ ਨਿਰਮਾਣ ਕੰਪਨੀ ਵੱਲੋਂ ਮੁਰੰਮਤ ਕਰਵਾ ਦਿੱਤੀ ਗਈ ਹੈ । ਇਸ ਤੋਂ ਇਲਾਵਾ ਪੁਲਾਂ ਦੇ ਦੋਵੇਂ ਪਾਸੇ ਲਿੰਕ ਸੜਕਾਂ ਨੂੰ ਜੋੜਨ ਲਈ ਬਣਾਈ ਸਰਵਿਸ ਲੇਨ ਦੀ ਸਾਰ ਹੀ ਨਹੀਂ ਲਈ। ਕਰੀਬ ਦੋ ਮਹੀਨੇ ਪਹਿਲਾਂ ਲੋਕਾਂ ਦੇ ਵਿਰੋਧ ਦੀ ਆਵਾਜ਼ ਬਣਦਿਆਂ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਵੀ ਵਿਭਾਗੀ ਟੀਮ ਨੂੰ ਨਾਲ ਲੈ ਕੇ ਸੜਕ ਦੇ ਹਾਲਾਤ ਤੋਂ ਜਾਣੂ ਕਰਵਾਇਆ ਸੀ । ਫਿਰ ਵੀ ਲਿੱਪਾ ਪੋਚੀ ਨਾਲ ਸਾਰਿਆ ਜਾ ਰਿਹਾ ਹੈ ਇਸੇ ਆੜ ਵਿੱਚ ਚੌਕੀਮਾਨ ਕੋਲ ਟੌਲ ਲਾਉਣ ਦੀ ਤਿਆਰੀ ਹੈ ਜਦਿ ਕਿ ਸੜਕ ਪੁਲਾਂ ਦੀ ਹਾਲਤ ਤਰਸਯੋਗ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਕੰਵਲਜੀਤ ਖੰਨਾ, ਮਹਿੰਦਰ ਕਮਾਲਪੁਰਾ, ਐਡਵੋਕੇਟ ਰਘਬੀਰ ਤੂਰ, ਬਾਰ ਐਸੋਸੀਏਸ਼ਨ ਪ੍ਰਧਾਨ ਗੁਰਤੇਜ਼ ਗਿੱਲ, ਅਵਤਾਰ ਰਸੂਲਪੁਰ ਨੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖੇ ਬਿਨਾਂ ਲਗਾਏ ਜਾ ਰਹੇ ਟੌਲ ਦਾ ਵਿਰੋਧ ਕਰਦਿਆਂ ਕਿਹਾ ਕਿ ਅਧੂਰੇ ਅਸੁਰੱਖਿਅਤ ਮਾਰਗ ’ਤੇ ਟੋਲ ਲਗਾਉਣਾ ਲੋਕਾਂ ਨਾਲ ਧੋਖਾ ਹੈ ।