ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਅਪਰੈਲ
ਤਿੰਨ ਖੇਤੀ ਕਾਨੂੰਨਾਂ ਵਿਰੁੱਧ ਜਿੱਥੇ ਕਿਸਾਨ ਆਪਣੇ ਪਰਿਵਾਰਾਂ ਤੋਂ ਦੂਰ ਦਿੱਲੀ ਦੀਆਂ ਹੱਦਾਂ ’ਤੇ ਡਟੇ ਹੋਏ ਹਨ, ਉੱਥੇ ਹੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਈ ਕਿਸਾਨਾਂ ਦੇ ਪਰਿਵਾਰਾਂ ਦਾ ਦਰਦ ਦੇਖਿਆ ਨਹੀਂ ਜਾ ਰਿਹਾ। ਇਨ੍ਹਾਂ ਵਿੱਚੋਂ ਹੀ ਇੱਕ ਲੁਧਿਆਣਾ ਦੇ ਸ਼ਹੀਦ ਹੋਏ ਨੌਜਵਾਨ ਕਿਸਾਨ ਗਗਨਪ੍ਰੀਤ ਸਿੰਘ ਦੇ ਘਰ ਵਿਧਵਾ ਮਾਂ ਅਤੇ ਦਾਦੀ ਦਾ ਹੁਣ ਕੋਈ ਹੋਰ ਸਹਾਰਾ ਨਹੀਂ ਰਿਹਾ।
ਇਹ ਨੌਜਵਾਨ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਵਿੱਚ ਹਿੱਸਾ ਲੈਣ ਤੋਂ ਬਾਅਦ 27 ਜਨਵਰੀ ਨੂੰ ਘਰ ਵਾਪਸ ਆ ਗਿਆ, ਪਰ ਇਸ ਘਟਨਾ ਦੀ ਦਹਿਸ਼ਤ ਮਗਰੋਂ 28 ਜਨਵਰੀ ਨੂੰ ਸਵੇਰੇ ਦਿਲ ਦਾ ਦੌਰਾ ਕਾਰਨ ਉਹ ਪਰਿਵਾਰ ਨੂੰ ਇਕੱਲਾ ਛੱਡ ਗਿਆ। ਇਹ ਖੁਲਾਸਾ ਜਮਹੂਰੀ ਅਧਿਕਾਰ ਸਭਾ ਦੀ ਲੁਧਿਆਣਾ ਇਕਾਈ ਵੱਲੋਂ ਸ਼ਹੀਦਾਂ ਦੀ ਇਕੱਠੀ ਕੀਤੀ ਜਾ ਰਹੀ ਜਾਣਕਾਰੀ ਤੋਂ ਹੋਇਆ। ਸ਼ਹੀਦ ਹੋਏ ਕਿਸਾਨ ਨੌਜਵਾਨ ਗਗਨਪ੍ਰੀਤ ਦੇ ਘਰ ਹੁਣ ਪਿੱਛੇ 50 ਸਾਲ ਦੀ ਮਾਂ ਗੋਵਿੰਦਰ ਕੌਰ ਅਤੇ 75 ਸਾਲ ਦੀ ਦਾਦੀ ਚਰਨਜੀਤ ਕੌਰ ਹਨ। ਪਿਤਾ ਦੀ 2009 ਵਿੱਚ ਹੀ ਟਾਈਫਾਈਡ ਕਾਰਨ ਮੌਤ ਹੋ ਚੁੱਕੀ ਸੀ। ਇੱਕ ਏਕੜ ’ਤੇ ਖੇਤੀ ਕਰਕੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੈ ਜਿਸ ਕਰਕੇ ਮ੍ਰਿਤਕ ਦੀ ਮਾਂ ਪਿਛਲੇ 20 ਸਾਲਾਂ ਤੋਂ ਆਂਗਣਵਾੜੀ ਵਰਕਰ ਵਜੋਂ ਕੰਮ ਕਰ ਰਹੀ ਹੈ।
ਗਗਨਪ੍ਰੀਤ ਦੇ ਚਲੇ ਜਾਣ ਤੋਂ ਬਾਅਦ ਇਨ੍ਹਾਂ ਦੋਵਾਂ ਦਾ ਕੋਈ ਸਹਾਰਾ ਨਹੀਂ ਰਿਹਾ। ਭਾਵੇਂ ਪਿੰਡ ਵਿੱਚੋਂ ਰੋਜ਼ ਵਾਰੋ ਵਾਰੀ ਔਰਤਾਂ ਇਨ੍ਹਾਂ ਦਾ ਦੁੱਖ ਵੰਡਾਉਣ ਲਈ ਆਉਂਦੀਆਂ ਰਹਿੰਦੀਆਂ ਹਨ ਪਰ ਇਹ ਗਗਨਪ੍ਰੀਤ ਦੀ ਘਾਟ ਨੂੰ ਪੂਰਾ ਕਰਨ ਦੇ ਅਸਮਰੱਥ ਹਨ। ਕਿਸਾਨੀ ਸੰਘਰਸ਼ ਦੇ ਇਸ ਸ਼ਹੀਦ ਸਬੰਧੀ ਜਾਣਕਾਰੀ ਇਕੱਠੀ ਕਰਨ ਵਾਲੇ ਸਭਾ ਦੇ ਨੁਮਾਇੰਦਿਆਂ ਜਸਵੰਤ ਜੀਰਖ, ਪ੍ਰੋ. ਜਗਮੋਹਨ ਸਿੰਘ, ਸਤੀਸ਼ ਸਚਦੇਵਾ, ਬਲਵਿੰਦਰ ਸਿੰਘ, ਅਜਮੇਰ ਦਾਖਾ, ਸੁਰਜੀਤ ਸਿੰਘ ਨੇ ਕਿਹਾ ਕਿ ਭਾਵੇਂ ਇਸ ਪਰਿਵਾਰ ਨੂੰ ਸਰਕਾਰੀ ਤੌਰ ’ਤੇ ਪੰਜ ਲੱਖ ਦੀ ਰਾਸ਼ੀ ਸਹਾਇਤਾ ਤੇ ਹੋਰ ਸਮਾਜਸੇਵੀ ਸੰਸਥਾਵਾਂ ਵੱਲੋਂ ਵੀ ਇੱਕ ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ, ਪਰ ਅੱਜ ਵੀ ਇਹ ਦੋਵੇਂ ਬਜ਼ੁਰਗ ਔਰਤਾਂ ਆਪਣੇ ਇਕਲੌਤੇ ਪੁੱਤਰ ਗਗਨਪ੍ਰੀਤ ਦੀ ਫੋਟੋ ਹੱਥ ’ਚ ਲੈ ਰੋਂਦੀਆਂ ਹਨ। ਸਭਾ ਦੇ ਨੁਮਾਇੰਦਿਆਂ ਅਨੁਸਾਰ ਹੋਰ ਕਈ ਪਰਿਵਾਰਾਂ ਵਿੱਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਨੌਜਵਾਨਾਂ ਦੇ ਇਸ ਮੋਰਚੇ ਵਿੱਚ ਸ਼ਹੀਦ ਹੋ ਜਾਣ ਕਾਰਨ ਉਨ੍ਹਾਂ ਦੇ ਮਾਤਾ-ਪਿਤਾ ਸਮੇਤ ਬੱਚੇ ਵੀ ਯਤੀਮ ਹੋ ਗਏ ਹਨ।