ਨਿੱਜੀ ਪੱਤਰ ਪ੍ਰੇਰਕ
ਖੰਨਾ, 16 ਜੂਨ
ਇੱਥੇ ਅੱਜ ਮਜ਼ਦੂਰ ਯੂਨੀਅਨ ਦੇ ਮੈਂਬਰਾਂ ਦੀ ਇਕੱਤਰਤਾ ਮਲਕੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮਜ਼ਦੂਰਾਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਮਜ਼ਦੂਰ ਯੂਨੀਅਨ ਤੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਨੇ ਕੇਂਦਰ ਸਰਕਾਰ ਵੱਲੋਂ 44 ਕਿਰਤ ਕਾਨੂੰਨ ਤੋੜ ਕੇ ਚਾਰ ਲੇਬਰ ਕੋਡ ਬਣਾਉਣ, 8 ਦੀ ਥਾਂ 12 ਘੰਟੇ ਦਿਹਾੜੀ ਕਰਨ, ਪੱਕੀ ਭਰਤੀ ਦੀ ਥਾਂ ਠੇਕਾ ਅਧਾਰਿਤ ਰੁਜ਼ਗਾਰ ਦੇਣ, ਘੱਟੋਂ ਘੱਟ ਤਨਖਾਹ ਸਕੇਲਾਂ ਨੂੰ ਖ਼ਤਮ ਕਰਨ ਤੇ ਵਧ ਰਹੀ ਮਹਿੰਗਾਈ ਖਿਲਾਫ ਸੰਘਰਸ਼ ਕਰਨ ਸਬੰਧੀ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਚਰਨਜੀਤ ਸਿੰਘ, ਮੇਵਾ ਸਿੰਘ, ਅਵਤਾਰ ਸਿੰਘ ਅਤੇ ਹਰਮੇਸ਼ ਸਿੰਘ ਨੇ ਕਿਹਾ ਕਿ ਅੱਜ ਮਹਿੰਗਾਈ ਸਿਖਰਾਂ ਛੂਹ ਰਹੀ ਹੈ ਅਤੇ ਛੋਟੇ ਕਾਰੋਬਾਰ ਤਬਾਹ ਹੋਣ ਕਾਰਨ ਮਜ਼ਦੂਰਾਂ ਦਾ ਕੰਮਕਾਰ ਬਿਲਕੁੱਲ ਠੱਪ ਹੋ ਗਿਆ ਹੈ। ਅਜਿਹੇ ਸਮੇਂ ਵਿੱਚ ਗਰੀਬ ਤਬਕਾ ਹੋਰ ਗਰੀਬੀ, ਮੰਦਹਾਲੀ ਤੇ ਕੰਗਾਲੀ ਵੱਲ ਧੱਕਿਆ ਜਾ ਰਿਹਾ ਹੈ, ਜਿਸ ਖ਼ਿਲਾਫ਼ ਦੋਵੇਂ ਜਥੇਬੰਦੀਆਂ ਲੁਧਿਆਣਾ ਜ਼ਿਲ੍ਹੇ ਵਿੱਚ ਜ਼ੋਰਦਾਰ ਮੁਹਿੰਮ ਚਲਾਉਂਦੀਆਂ ਹੋਈਆਂ 22 ਜੂਨ ਨੂੰ ਐੱਸ.ਡੀ.ਐੱਮ. ਦਫ਼ਤਰ ਖੰਨਾ ਅਤੇ 27 ਜੂਨ ਨੂੰ ਡੀ.ਸੀ ਦਫ਼ਤਰ ਲੁਧਿਆਣਾ ਵਿੱਚ ਧਰਨੇ ਦੇਣਗੀਆਂ। ਉਨ੍ਹਾਂ ਬਾਕੀ ਮਜ਼ਦੂਰ ਜਥੇਬੰਦੀਆਂ ਨੂੰ ਲੜ ਲੱਗਣ, ਸੰਘਰਸ਼ਾਂ ਦੇ ਰਾਹ ਪੈਣ ਤੇ ਇਨ੍ਹਾਂ ਧਰਨਿਆਂ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ।