ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਸਤੰਬਰ
ਜਿਉਂ-ਜਿਉਂ ਤਿਉਹਾਰਾਂ ਦੇ ਦਿਨ ਨੇੜੇ ਆ ਰਹੇ ਹਨ, ਸ਼ਹਿਰ ਵਿੱਚ ਧਾਰਮਿਕ ਯਾਤਰਾਵਾਂ ਵੀ ਉਤਸ਼ਾਹ ਨਾਲ ਕੱਢੀਆਂ ਜਾ ਰਹੀਆਂ ਹਨ ਪਰ ਕਈ ਲੋਕਾਂ ਵੱਲੋਂ ਧਾਰਮਿਕ ਯਾਤਰਾਵਾਂ ਦੇ ਨਾਂ ’ਤੇ ਜੰਮ ਕੇ ਟਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ, ਜਿਸ ਕਰਕੇ ਆਪਣੀ ਤੇ ਹੋਰਾਂ ਦੀ ਜਾਣ ਜ਼ੌਖ਼ਮ ਵਿੱਚ ਪਾਈ ਜਾਂਦੀ ਹੈ। ਅਜਿਹੇ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਅੱਗੇ ਆਉਣ ਦੀ ਜ਼ਰੂਰਤ ਹੈ। ਸ਼ਹਿਰ ਵਿੱਚ ਹੁਣ ਗਣੇਸ਼ ਉਤਸਵ ਮਨਾਇਆ ਜਾ ਰਿਹਾ, ਇਸ ਮੌਕੇ ਗਣੇਸ਼ ਦੀ ਮੂਰਤੀ ਨੂੰ ਜਲ ਵਿਸਰਜਣ ਕਰਨ ਲਈ ਯਾਤਰਾ ਕੱਢੀਆਂ ਜਾ ਰਹੀਆਂ ਹਨ। ਆਏ ਦਿਨ ਲੋਕ ਪੂਰੀ ਸ਼ਰਧਾ ਨਾਲ ਇਹ ਮੂਰਤੀਆਂ ਪਾਣੀ ਵਿੱਚ ਛੱਡਣ ਜਾਂਦੇ ਹਨ ਪਰ ਇਸ ਦੌਰਾਨ ਉਹ ਟਰੈਫਿਕ ਨਿਯਮਾਂ ਨੂੰ ਪੂਰੀ ਤਰ੍ਹਾਂ ਭੁੱਲ ਜਾਂਦੇ ਹਨ। ਕਈ ਲੋਕ ਤਾਂ ਆਪਣੇ ਵਾਹਨਾਂ ਦੀਆਂ ਛੱਤਾਂ ਦੇ ਚੜ੍ਹ ਕਿ ਨੱਚਦੇ ਵੀ ਦੇਖੇ ਗਏ ਹਨ। ਕਈ ਵਾਹਨਾਂ ’ਤੇ ਸਵਾਰੀਆਂ ਇੰਨੀਆਂ ਜ਼ਿਆਦਾ ਬਿਠਾਈਆਂ ਹੁੰਦੀਆਂ ਹਨ ਕਿ ਵਾਹਨ ਦੇ ਪਿਛਲੇ ਡਾਲੇ ’ਤੇ ਵੀ ਲੋਕ ਲੱਤਾਂ ਹੇਠਾਂ ਨੂੰ ਲਟਕਾ ਕਿ ਬੈਠੇ ਦਿਖਾਈ ਦਿੰਦੇ ਹਨ। ਲੋਕਾਂ ਦਾ ਇਹੋ ਜਿਹਾ ਰੁਝਾਨ ਜਿੱਥੇ ਜਾਨਲੇਵਾ ਹੋ ਸਕਦਾ ਹੈ, ਉੱਥੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਵੀ ਕਈ ਅੜਿੱਕੇ ਖੜ੍ਹੇ ਕਰਦਾ ਹੈ। ਕਈ ਸੂਝਵਾਨ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਜਿਹੇ ਲੋਕਾਂ ਨੂੰ ਪਹਿਲਾਂ ਜਾਗਰੂਕ ਕਰੇ ਅਤੇ ਜੇਕਰ ਫਿਰ ਵੀ ਉਲੰਘਣਾ ਹੁੰਦੀ ਹੈ ਤਾਂ ਸਖਤ ਕਾਰਵਾਈ ਕਰਨ ਤੋਂ ਗੁਰੇਜ ਨਾ ਕੀਤਾ ਜਾਵੇ।