ਗਗਨਦੀਪ ਅਰੋੜਾ
ਲੁਧਿਆਣਾ, 17 ਜੁਲਾਈ
ਫਿਰੋਜ਼ਪੁਰ ਰੋਡ ’ਤੇ ਚੱਲ ਰਹੇ ਉਸਾਰੀ ਕਾਰਜਾਂ ਕਾਰਨ ਪਿਛਲੇ ਲੰਮੇ ਸਮੇਂ ਤੋਂ ਇਥੇ ਟਰੈਫਿਕ ਜਾਮ ਦੀ ਸਥਿਤੀ ਬਣੀ ਹੋਈ ਹੈ। ਹਾਲਾਂਕਿ ਕਈ ਥਾਂਵਾਂ ’ਤੇ ਟਰੈਫਿਕ ਕੰਟਰੋਲ ਹੋ ਰਿਹਾ ਹੈ, ਪਰ ਮੁੱਖ ਚੌਕਾਂ ਉੱਪਰ ਟਰੈਫਿਕ ਦੀ ਸਥਿਤੀ ਇੰਨੀ ਖਰਾਬ ਹੈ ਕਿ ਪੁਲੀਸ ਵੀ ਉਸ ਨੂੰ ਕੰਟਰੋਲ ਕਰਨ ’ਚ ਅਸਫ਼ਲ ਰਹੀ ਹੈ। ਪੁਲ ਉਸਾਰੀ ਦੇ ਚੱਲਦੇ ਕੰਪਨੀ ਵੱਲੋਂ ਸ਼ਹਿਰ ਦਾ ਪ੍ਰਮੁੱਖ ਭਾਰਤ ਨਗਰ ਚੌਕ ’ਚ ਟਰੈਫਿਕ ਵਿਵਸਥਾ ਹਿੱਲ ਗਈ ਹੈ।
ਵਾਹਨਾਂ ਦੀਆਂ ਇੰਨੀਆਂ ਵੱਡੀਆਂ ਵੱਡੀਆਂ ਲਾਈਨਾਂ ਲੱਗ ਰਹੀਆਂ ਹਨ ਤੇ ਜਾਮ ’ਚ ਫਸੇ ਲੋਕ ਵੀ ਕਾਫ਼ੀ ਪ੍ਰੇਸ਼ਾਨ ਹੋ ਰਹੇ ਹਨ। ਹਾਲਾਂਕਿ ਟਰੈਫਿਕ ਪੁਲੀਸ ਦੇ ਵੱਲੋਂ ਜਾਮ ਨਾ ਲੱਗੇ, ਇਸ ਲਈ ਰੂਟ ਪਲਾਟ ਵੀ ਤਿਆਰ ਕੀਤੇ ਗਏ ਸਨ, ਪਰ ਜੋ ਰੂਟ ਬਣਾਏ ਗਏ ਸਨ, ਉਨ੍ਹਾਂ ਦਾ ਕੋਈ ਫਾਇਦਾ ਨਹੀਂ ਹੋਇਆ ਅਤੇ ਸੋਮਵਾਰ ਨੂੰ ਬੁਰੇ ਤਰੀਕੇ ਦਾ ਜਾਮ ਲੱਗ ਗਿਆ। ਪ੍ਰਾਈਵੇਟ ਕੰਪਨੀ ਦੀਆਂ ਬੱਸਾਂ ਜੋ ਰੂਟ ’ਤੇ ਨਾ ਜਾ ਆਪਣੀ ਮਨਮਾਨੀ ਨਾਲ ਬੱਸਾਂ ਚਲਾ ਰਹੇ ਹਨ ਤੇ ਰਿਹਾਇਸ਼ੀ ਇਲਾਕਿਆਂ ’ਚ ਬੱਸਾਂ ਜਾ ਰਹੀਆਂ ਹਨ। ਇਸ ਕਾਰਨ ਆਮ ਲੋਕਾਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਰਿਹਾਇਸ਼ੀ ਇਲਾਕਿਆਂ ’ਚ ਬੱਸਾਂ ਚੱਲ ਰਹੀਆਂ ਤੇ ਬੱਚੇ ਬਾਹਰ ਨਿਕਲਣ ਤੋਂ ਡਰ ਰਹੇ ਹਨ ਕਿ ਤੇਜ਼ੀ ਨਾਲ ਚੱਲਣ ਵਾਲੀਆਂ ਬੱਸਾਂ ਨਾਲ ਕੋਈ ਹਾਦਸਾ ਨਾ ਹੋ ਜਾਵੇ। ਭਾਰਤ ਨਗਰ ਚੌਕ ਤੋਂ ਨਿਕਲਣ ਵਾਲੇ ਟਰੈਫਿਕ ਨੂੰ ਰੋਕਣ ਲਈ ਪੁਲੀਸ ਨੂੰ ਆਖਿਆ ਗਿਆ ਸੀ। ਭਾਰਤ ਨਗਰ ਚੌਕ ਬੰਦ ਕਰ ਉਥੋ ਟਰੈਫਿਕ ਦਾ ਆਉਣਾ ਜਾਣਾ ਪੂਰੀ ਤਰ੍ਹਾਂ ਰੋਕ ਦਿੱਤਾ ਜਾਣਾ ਸੀ। ਸੋਮਵਾਰ ਨੂੰ ਫਿਰ ਤੋਂ ਟਰੈਫਿਕ ਰੂਟ ਬਦਲਿਆ ਗਿਆ ਸੀ, ਪਰ ਸੋਮਵਾਰ ਨੂੰ ਹਫ਼ਤੇ ਦਾ ਪਹਿਲਾਂ ਵਰਕਿੰਗ ਡੇਅ ਹੋਣ ਕਾਰਨ ਸੜਕਾਂ ਪੂਰੀ ਤਰ੍ਹਾਂ ਚੱਲ ਰਹੀਆਂ ਸਨ। ਭਾਰਤ ਨਗਰ ਚੌਕ ਬੰਦ ਹੋਣ ਕਾਰਨ ਸਾਰੇ ਪਾਸੇ ਜਾਮ ਦੀ ਸਥਿਤੀ ਸੀ। ਜਗਰਾਉਂ ਪੁੱਲ, ਬੱਸ ਅੱਡੇ, ਕਚਿਹਰੀ ਚੌਕ, ਮਾਲ ਰੋਡ, ਫੁਆਰਾ ਚੌਕ, ਘੁਮਾਰ ਮੰਡੀ ਦੇ ਨਾਲ-ਨਾਲ ਹੋਰ ਇਲਾਕਿਆਂ ’ਚ ਵੀ ਜਾਮ ਦੀ ਸਥਿਤੀ ਬਣੀ ਰਹੀ। ਇਸ ਤੋਂ ਇਲਾਵਾ ਸਰਾਭਾ ਨਗਰ ਮੇਨ ਸੜਕ ਅਤੇ ਅੰਦਰੂਨੀ ਸੜਕਾਂ ’ਤੇ ਵੀ ਜਾਮ ਦੀ ਸਥਿਤੀ ਰਹੀ।
ਰਿਹਾਇਸ਼ੀ ਇਲਾਕਿਆਂ ’ਚੋਂ ਲੰਘਦੀਆਂ ਬੱਸਾਂ ਤੋਂ ਲੋਕ ਔਖੇ
ਇਥੇ ਕਈ ਪ੍ਰਾਈਵੇਟ ਕੰਪਨੀ ਦੀਆਂ ਬੱਸਾਂ ਵਾਲੇ ਪੁਲੀਸ ਵੱਲੋਂ ਬਣਾਏ ਨਿਯਮਾਂ ਨੂੰ ਤੋੜ ਕੇ ਰਿਹਾਇਸ਼ੀ ਇਲਾਕਿਆਂ ’ਚ ਘੁੰਮ ਰਹੇ ਹਨ। ਉਹ ਉੱਥੇ ਵੀ ਪੂਰੀ ਰਫ਼ਤਾਰ ਨਾਲ ਲੰਘ ਰਹੇ ਹਨ। ਇਸ ਕਾਰਨ ਉਨ੍ਹਾਂ ਇਲਾਕਿਆਂ ’ਚ ਰਹਿਣ ਵਾਲਿਆਂ ਨੂੰ ਹਰ ਸਮੇਂ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਜਦੋਂ ਬੱਸਾਂ ਵਾਲਿਆਂ ਨੂੰ ਲੋਕਾਂ ਨੇ ਹੌਲੀ ਬੱਸਾਂ ਕੱਢਣ ਲਈ ਕਿਹਾ ਤਾਂ ਉਨ੍ਹਾਂ ਬੱਸਾਂ ਵਾਲਿਆਂ ਨੇ ਲੋਕਾਂ ਨਾਲ ਬੁਰਾ ਵਿਵਹਾਰ ਕੀਤਾ। ਸੋਮਵਾਰ ਨੂੰ ਵੀ ਸਰਾਭਾ ਨਗਰ ਵਰਗੇ ਪੌਸ਼ ਇਲਾਕੇ ’ਚ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਬੱਸ ਵਾੜ ਦਿੱਤੀਆਂ। ਲਾਗਤਾਰ ਬੱਸਾਂ ਆਉਣ ਕਾਰਨ ਪ੍ਰੇਸ਼ਾਨੀ ਹੋਏ ਲੋਕਾਂ ਨੇ ਤੁਰੰਤ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਇਸ ਤੋਂ ਬਾਅਦ ਪੁਲੀਸ ਨੇ ਬੱਸਾਂ ਰੋਕੀਆਂ ਤੇ ਉਨ੍ਹਾਂ ਨੂੰ ਤੈਅ ਕੀਤੇ ਗਏ ਰੂਟ ’ਤੇ ਚਲਾਉਣ ਲਈ ਕਿਹਾ।