ਸੰਤੋਖ ਸਿੰਘ ਗਿੱਲ
ਗੁਰੂਸਰ ਸੁਧਾਰ, 21 ਸਤੰਬਰ
ਬਲਾਕ ਪੱਖੋਵਾਲ ਦੇ ਪਿੰਡ ਕੋਟ ਆਗਾ ਵਿੱਚ ਭਾਰਤਮਾਲਾ ਪ੍ਰਾਜੈਕਟ ਖ਼ਿਲਾਫ਼ ਕਰੀਬ ਤਿੰਨ ਮਹੀਨੇ ਤੋਂ ਚੱਲ ਰਿਹਾ ਮੋਰਚਾ ਜਾਰੀ ਹੈ। ਭਾਕਿਯੂ ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ-ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੇ ਆਗੂਆਂ ਨੇ ਐਲਾਨ ਕੀਤਾ ਕਿ ਵੀਰਵਾਰ ਦੁਪਹਿਰ 12 ਵਜੇ ਤੋਂ ਤਿੰਨ ਵਜੇ ਤੱਕ ਨੇੜਲੇ ਕਿਲ੍ਹਾ ਰਾਏਪੁਰ ਰੇਲਵੇ ਸਟੇਸ਼ਨ ਉੱਪਰ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ ਅਤੇ ਚਰਨਜੀਤ ਸਿੰਘ ਫੱਲੇਵਾਲ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਦਾ ਮਜ਼ਬੂਤ ਏਕਾ ਉਸਾਰ ਕੇ ਹੀ ਜਾਬਰ ਸਰਕਾਰਾਂ ਨੂੰ ਝੁਕਾਇਆ ਜਾ ਸਕਦਾ ਹੈ।
ਧਰਨਾਕਾਰੀਆਂ ਨੂੰ ਪੱਖੋਵਾਲ ਦੇ ਬਲਾਕ ਪ੍ਰਧਾਨ ਕੁਲਦੀਪ ਸਿੰਘ ਗੁੱਜਰਵਾਲ, ਡੇਹਲੋਂ ਦੇ ਪ੍ਰਧਾਨ ਰਾਜਿੰਦਰ ਸਿੰਘ ਖੱਟੜਾ, ਕਰਮਜੀਤ ਸਿੰਘ ਕੋਟ ਆਗਾ, ਦਰਸ਼ਨ ਸਿੰਘ ਫੱਲੇਵਾਲ, ਬਲਵਿੰਦਰ ਸਿੰਘ ਨਾਰੰਗਵਾਲ, ਸੁਦਾਗਰ ਸਿੰਘ ਜੁੜਾਹਾਂ, ਸੁਰਿੰਦਰ ਕੌਰ ਕਾਲਖ ਅਤੇ ਸੁਖਵਿੰਦਰ ਕੌਰ ਨਾਰੰਗਵਾਲ ਨੇ ਸੰਬੋਧਨ ਕੀਤਾ। ਇਸ ਮੌਕੇ ਗੀਤਕਾਰ ਨਾਜ਼ਰ ਸਿੰਘ ਸਿਆੜ ਅਤੇ ਭਰਪੂਰ ਸਿੰਘ ਗੁੱਜਰਵਾਲ ਨੇ ਇਨਕਲਾਬੀ ਗੀਤਾਂ ਨਾਲ ਰੰਗ ਬੰਨ੍ਹਿਆ। ਲੰਗਰ ਦੀ ਸੇਵਾ ਪਿੰਡ ਰਤਨਗੜ੍ਹ ਦੀ ਸੰਗਤ ਵੱਲੋਂ ਕੀਤੀ ਗਈ।