ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਅਗਸਤ
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪੰਜਾਬੀ ਭਵਨ ਵਿੱਚ ਸਵੇਰੇ 11 ਤੋਂ ਲੈ ਕੇ ਦੁਪਹਿਰ ਦੋ ਵਜੇ ਤਕ ਕੰਪਿਊਟਰ ਸਿਖਲਾਈ ਵਰਕਸ਼ਾਪ ਲਗਾਈ ਗਈ। ਇਸ ਵਿਚ ‘ਪੰਜਾਬੀ ਭਾਸ਼ਾ-ਕੰਪਿਊਟਰ ਟਾਈਪਿੰਗ, ਸਮਸਿਆਵਾਂ ਤੇ ਹੱਲ’ ਵਿਸ਼ੇ ’ਤੇ ਗੱਲਬਾਤ ਕੀਤੀ ਗਈ। ਇਸ ਵਿੱਚ ਮਾਹਿਰ ਦੇ ਤੌਰ ’ਤੇ ਜਨਮੇਜਾ ਸਿੰਘ ਜੌਹਲ ਸ਼ਾਮਲ ਹੋਏ। ਉਨ੍ਹਾਂ ਪੰਜਾਬੀ ਭਾਸ਼ਾ ਦੀਆਂ ਕੰਪਿਊਟਰ ਟਾਈਪਿੰਗ ਵਿੱਚ ਸਮਸਿਆਵਾਂ ਦਾ ਵਰਨਣ ਕੀਤਾ ਅਤੇ ਸਿਖਿਆਰਥੀਆਂ ਨੂੰ ਸਮਸਿਆਵਾਂ ਦੇ ਹੱਲ ਦੱਸੇ। ਉਨ੍ਹਾਂ ਦੱਸਿਆ ਕਿ ਪੰਜਾਬੀ ਵਿਚ ਹੁਣ ਤੱਕ 490 ਫੌਂਟ ਹਨ, ਜਿਨ੍ਹਾਂ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਤੇ ਮੁਸ਼ਕਲਾਂ ਹਨ। ਉਨ੍ਹਾਂ ਇਕ ਤੋਂ ਦੂਜੇ ਫੌਂਟ ਵਿਚ ਬਦਲਣ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਿਖਿਆਰਥੀਆਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ। ਉਨ੍ਹਾਂ ਨੇ ਬੋਲ ਕੇ ਕੰਪਿਊਟਰ/ਮੋਬਾਈਲ ’ਤੇ ਟਾਈਪ ਕਰਨ ਦੀ ਤਕਨੀਕ ਵੀ ਸਾਂਝੀ ਕੀਤੀ। ਉਨ੍ਹਾਂ ਨਾਲ ਹੀ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਅਨੁਵਾਦ ਕਰਨ ਦੀ ਤਕਨੀਕ ’ਤੇ ਵੀ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਅੱਜ ਕੰਪਿਊਟਰ ਆਪਣੇ ਆਪ ਵਿਚ ਹੀ ਰੁਜ਼ਗਾਰ ਹੈ। ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਆਖਿਆ ਕਿ ਅਕਾਡਮੀ ਇਸ ਤਰ੍ਹਾਂ ਦੀਆਂ ਸਿਖਲਾਈ ਵਰਕਸ਼ਾਪ ਲਾ ਕੇ ਸਿਖਿਆਰਥੀਆਂ ਤੇ ਲੇਖਕਾਂ ਨੂੰ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਆਧੁਨਿਕ ਤਕਨੀਕ ਜ਼ਰੀਏ ਸੰਸਾਰ ਨਾਲ ਜੋੜਨ ਦਾ ਯਤਨ ਕਰਦੀ ਹੈ। ਅਕਾਡਮੀ ਦੇ ਸਕੱਤਰ ਕੇ.ਸਾਧੂ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।