ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਸਤੰਬਰ
ਸਨਅਤੀ ਸ਼ਹਿਰ ਦੇ ਪੱਖੋਵਾਲ ਰੋਡ ਹੀਰੋ ਬੇਕਰੀ ਨੇੜੇ ਬਣ ਰਹੇ ਪੁਲ ਦੀ ਉਸਾਰੀ ਦੌਰਾਨ ਅੜਿੱਕਾ ਬਣ ਰਹੇ ਰੁੱਖਾਂ ਨੂੰ ਬਚਾਉਣ ਲਈ ਵਿਧਾਨ ਸਭਾ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਅੱਗੇ ਆਏ ਹਨ। ਉਨ੍ਹਾਂ ਨੇ ਪਹਿਲਕਦਮੀ ਇਨ੍ਹਾਂ ਰੁੱਖਾਂ ਨੂੰ ਜੜ੍ਹੋਂ ਪੁੱਟ ਕੇ ਕਾਨਵੈਂਟ ਸਕੂਲ ਦੇ ਸਾਹਮਣੇ ਲਈਅਰ ਵੈਲੀ ਵਿੱਚ ਲਾਇਆ ਗਿਆ। ਹੁਣ ਇਨ੍ਹਾਂ ਰੁੱਖਾਂ ਨੂੰ ਨਵਾਂ ਜੀਵਨ ਮਿਲਿਆ ਹੈ ਅੇ ਇਸ ਵਾਤਾਵਰਨ ਪੱਖੀ ਉਪਰਾਲੇ ਦੀ ਇਲਾਕਾ ਵਾਸੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਪੱਖੋਵਾਲ ਰੋਡ ’ਤੇ ਰੇਲਵੇ ਓਵਰ ਬ੍ਰਿਜ (ਆਰ.ਓ.ਬੀ) ਦੇ ਨਿਰਮਾਣ ਕਾਰਜ ਲਈ ਇਨ੍ਹਾਂ 20-25 ਰੁੱਖਾਂ ਨੂੰ ਵੱਢਣਾ ਲਾਜ਼ਮੀ ਸੀ ਜੋ ਕਿ ਪੁਲ ਦੀ ਉਸਾਰੀ ’ਚ ਅੜਿੱਕਾ ਪਾ ਰਹੇ ਸਨ। ਇਹ ਰੁੱਖ ਕਰੀਬ 15 ਸਾਲਾਂ ਤੋਂ ਲੱਗੇ ਹੋਏ ਸਨ। ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਪਹਿਲਕਦਮੀ ਕਰਦੇ ਹੋਏ ਇਨ੍ਹਾਂ ਰੁੱਖਾਂ ਨੂੰ ਵੱਢਣ ਦੀ ਬਜਾਏ ਜੇ.ਸੀ.ਬੀ. ਅਤੇ ਕ੍ਰੇਨ ਦੀ ਸਹਾਇਤਾ ਨਾਲ ਜੜ੍ਹੋਂ ਪੁੱਟਵਾ ਕੇ ਲਈਅਰ ਵੈਲੀ ਵਿੱਚ ਲਵਾ ਦਿੱਤਾ ਅਤੇ ਪਾਣੀ ਵੀ ਪਾਇਆ ਗਿਆ।
ਇਸ ਮੌਕੇ ਗੋਗੀ ਨੇ ਕਿਹਾ, ‘ਸਾਨੂੰ ਕੁਦਰਤ ਦੀਆਂ ਸਭ ਤੋਂ ਅਨਮੋਲ ਵਸਤਾਂ ਪਾਣੀ, ਹਵਾ ਤੇ ਧਰਤੀ ਦੀ ਸ਼ੁੱਧਤਾ ਅਤੇ ਸਾਂਭ ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ। ਜੇਕਰ ਇਹ ਕੁਦਰਤੀ ਸਾਧਨ ਸਿਹਤਮੰਦ ਰਹਿਣਗੇ ਤਾਂ ਹੀ ਮਨੁੱਖ ਨਰੋਆ ਅਤੇ ਬਿਮਾਰੀਆਂ ਰਹਿਤ ਜੀਵਨ ਬਸਰ ਕਰ ਸਕਦਾ ਹੈ।’’ ਉਨ੍ਹਾਂ ਲੁਧਿਆਣਾ ਸ਼ਹਿਰ ਨੂੰ ਸਾਫ ਸੁੱਥਰਾ ਤੇ ਹਰਿਆ ਭਰਿਆ ਬਣਾਈ ਰੱਖਣ ਵਿੱਚ ਸਹਿਯੋਗ ਦੀ ਮੰਗ ਕਰਦਿਆਂ ‘ਸਿੰਗਲ ਯੂਜ਼ ਪਲਾਸਟਿਕ’ ਦੀ ਵਰਤੋਂ ਤੋਂ ਵੀ ਪ੍ਰਹੇਜ਼ ਕਰਨ ਦੀ ਅਪੀਲ ਵੀ ਕੀਤੀ। ਵਿਧਾਇਕ ਨੇ ਕਿਹਾ, ‘‘ਸਿਹਤਮੰਦ ਵਾਤਾਵਰਨ ਅਤੇ ਕੁਦਰਤ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।’’