ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਅਪਰੈਲ
ਪੰਜਾਬੀ ਲੋਕ ਗਾਇਕ ਜਨਾਬ ਸ਼ੌਕਤ ਅਲੀ ਦੀ ਪਹਿਲੀ ਬਰਸੀ ਮੌਕੇ ਚੇਤਨਾ ਪ੍ਰਕਾਸ਼ਨ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਪੰਜਾਬੀ ਲੋਕ ਵਿਰਾਸਤ ਅਕਾਡਮੀ ਤੇ ਵਿਜ਼ਨ ਆਫ਼ ਪੰਜਾਬ ਵੱਲੋਂ ਪੰਜਾਬੀ ਭਵਨ ਵਿੱਚ ਸਮਾਗਮ ਕਰਵਾਇਆ ਗਿਆ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਸ਼ੌਕਤ ਅਲੀ ਨੇ ਲਗਪਗ ਪਚਵੰਜਾ ਸਾਲ ਰੱਜ ਕੇ ਗਾਇਆ। ਸਤੀਸ਼ ਗੁਲਾਟੀ ਨੇ ਸ਼ੌਕਤ ਅਲੀ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਲੇਖਕਾਂ, ਕਲਾਕਾਰਾਂ ਤੇ ਬੁੱਧੀਜੀਵੀਆਂ ਦਾ ਸਵਾਗਤ ਕੀਤਾ। ਵਿਜ਼ਨ ਆਫ਼ ਪੰਜਾਬ ਟੋਰਾਂਟੋ ਦੇ ਸੰਚਾਲਕ ਇਕਬਾਲ ਮਾਹਲ ਨੇ ਕਿਹਾ ਕਿ ਸ਼ੌਕਤ ਅਲੀ ਮੁਕੰਮਲ ਕਲਾਕਾਰ ਸੀ। ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸ਼ੌਕਤ ਅਲੀ ਨਾਲ ਪਹਿਲੀ ਮੁਲਾਕਾਤ 1996 ਵਿੱਚ ਅਟਾਰੀ ਰੇਲਵੇ ਸਟੇਸ਼ਨ ’ਤੇ ਹੋਈ, ਜਿਸ ਥਾਣੀਂ ਉਹ ਇਨਾਇਤ ਹੁਸੈਨ ਭੱਟੀ, ਰੇਸ਼ਮਾ ਅਤੇ ਅਕਰਮ ਰਾਹੀ ਨਾਲ ਪਹਿਲੀ ਵਾਰ ਮੁੱਦਤ ਬਾਅਦ ਪੰਜਾਬ ਦੌਰੇ ’ਤੇ ਆਏ ਸਨ। ਇਨ੍ਹਾਂ ਸਾਰੇ ਕਲਾਕਾਰਾਂ ਨੇ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿੱਚ ‘ਅੱਵਲ ਅੱਲ੍ਹਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ’ ਸ਼ਬਦ ਗਾਇਆ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਆਹ ’ਤੇ ਉਹ ਪੁੱਤਰ ਸਮੇਤ ਉਚੇਚੇ ਲੁਧਿਆਣਾ ਆਏ ਸਨ ਤੇ ਇਸ ਵਿਆਹ ’ਚ ਸ਼ੌਕਤ ਭਾਜੀ ਦੇ ਬੇਟੇ ਮੋਹਸਿਨ ਅਲੀ, ਭਗਵੰਤ ਮਾਨ ਦੇ ਸਰਬਾਲੇ ਬਣੇ ਸਨ।
ਸਮਾਗਮ ਦੌਰਾਨ ਡਾ. ਸੁਖਨੈਨ ਨੇ ਕਿਹਾ ਕਿ ਸ਼ੌਕਤ ਅਲੀ ਉਹ ਸੰਗੀਤ ਨੂੰ ਜਿਉਣ ਵਾਲੇ ਵੱਡੇ ਗਵੱਈਏ ਸਨ, ਜਿਨ੍ਹਾਂ ਦੇ ਗੀਤਾਂ ’ਚੋਂ ਵਿਰਸਾ ਬੋਲਦਾ ਹੈ। ਇਸ ਦੌਰਾਨ ਪੱਤਰਕਾਰ ਸਤਬਿੀਰ ਸਿੰਘ ਸਿੱਧੂ ਨੇ ਕਿਹਾ ਕਿ ਸ਼ੌਕਤ ਅਲੀ ਦੀ ਸਦੀਵੀ ਯਾਦ ਨੂੰ ਕਿਤਾਬੀ ਰੂਪ ਵਿੱਚ ਪ੍ਰਕਾਸ਼ਿਤ ਕਰਨ ਦਾ ਉਪਰਾਲਾ ਕੀਤਾ ਜਾਵੇ ਤੇ ਇਸ ’ਤੇ ਹੋਣ ਵਾਲਾ ਖ਼ਰਚਾ ਉਹ ਦੇਣਗੇ। ਇਸ ਮੌਕੇ ਹਾਜ਼ਰ ਲੋਕ ਗਾਇਕ ਹਰਭਜਨ ਮਾਨ ਵੱਲੋਂ ਇਕਬਾਲ ਰਾਹੀਂ ਭੇਜਿਆ ਸ਼ੋਕ ਸੁਨੇਹਾ ਵੀ ਉਨ੍ਹਾਂ ਦੀ ਆਵਾਜ਼ ਵਿੱਚ ਸੁਣਾਇਆ ਗਿਆ। ਸਮਾਗਮ ਦੌਰਾਨ ਪੁੱਜੇ ਲੋਕ ਗਾਇਕ ਸੁਰਿੰਦਰ ਸ਼ਿੰਦਾ, ਡਾ. ਸੁਖਨੈਨ ਅਤੇ ਰਣਧੀਰ ਕੰਵਲ ਨੇ ਸ਼ੌਕਤ ਅਲੀ ਦੇ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਕੀਤੀ।