ਸਤਵਿੰਦਰ ਸਿੰਘ ਬਸਰਾ
ਲੁਧਿਆਣਾ, 25 ਮਈ
ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਅੱਜ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱਚ ਮਨਾਇਆ ਗਿਆ। ਨੌਜਵਾਨ ਸਭਾ ਬੀਆਰਐੱਸ ਨਗਰ, ਇਨਕਲਾਬੀ ਕੇਂਦਰ ਪੰਜਾਬ, ਮਹਾ ਸਭਾ ਲੁਧਿਆਣਾ, ਤਰਕਸ਼ੀਲ ਸੁਸਾਇਟੀ, ਜਮਹੂਰੀ ਅਧਿਕਾਰ ਸਭਾ ਆਦਿ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਇਸ ਸਮੇਂ ਇੱਥੇ ਸਥਾਪਤ ਸ਼ਹੀਦ ਸਰਾਭਾ ਦੇ ਬੁੱਤ ਨੂੰ ਹਾਰ ਪਹਿਨਾਉਂਦਿਆਂ ਉਨ੍ਹਾਂ ਦੇ ਉਦੇਸ਼ ਨੂੰ ਪੂਰਾ ਕਰਨ ਦੇ ਪ੍ਰਣ ਨੂੰ ਦੁਹਰਾਇਆ। ਇਸ ਉਪਰੰਤ ਐਡਵੋਕੇਟ ਹਰਪ੍ਰੀਤ ਜੀਰਖ ਨੇ ਕਿਹਾ ਕਿ ਅੱਜ ਦੇਸ਼ ਦੀਆਂ ਸਰਕਾਰਾਂ ਗ਼ਦਰੀ ਸ਼ਹੀਦਾਂ ਦੇ ਵਿਚਾਰਾਂ ਨਾਲ ਖਿਲਵਾੜ ਕਰ ਰਹੀਆਂ ਹਨ। ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਖ਼ਜ਼ਾਨਚੀ ਪੰਡਤ ਕਾਂਸੀ ਰਾਮ ਤੇ ਰਹਿਮਤ ਅਲੀ ਵਜੀਦਕੇ ਸਮੇਤ ਕਿੰਨੇ ਹੀ ਹੋਰ ਗ਼ਦਰ ਪਾਰਟੀ ਮੈਂਬਰ ਵੱਖ-ਵੱਖ ਧਰਮਾਂ/ਜਾਤਾਂ ਨਾਲ ਸਬੰਧਤ ਹੋਣ ਦੇ ਬਾਵਜੂਦ, ਉਨ੍ਹਾਂ ਇਕੱਠੇ ਹੋ ਕੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੋਣ ਲਈ ਕੁਰਬਾਨੀਆਂ ਦਿੱਤੀਆਂ ਪਰ ਅੱਜ ਦੇਸ਼ ਦੀ ਰਾਜ ਸੱਤਾ ’ਤੇ ਕਾਬਜ਼ ਸਰਕਾਰਾਂ ਲੋਕਾਂ ਨੂੰ ਜਾਤਾਂ/ਧਰਮਾਂ ਵਿੱਚ ਵੰਡਣ ਦੀ ਰਾਜਨੀਤੀ ਕਰ ਰਹੀਆਂ ਹਨ। ਅੱਜ ਅੰਗਰੇਜ਼ਾਂ ਦੇ ਹੀ ਪਦ ਚਿੰਨ੍ਹਾਂ ’ਤੇ ਚੱਲਦਿਆਂ ਹੱਕ, ਸੱਚ ਅਤੇ ਲੋਕ ਹਿੱਤਾਂ ਲਈ ਆਵਾਜ਼ ਉਠਾ ਰਹੇ ਦੇਸ਼ ਵਾਸੀਆਂ ਨੂੰ ਸਰਕਾਰ ਵੱਲੋਂ ਦੇਸ਼ ਧ੍ਰੋਹੀ ਗਰਦਾਨਕੇ, ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹੀਂ ਡੱਕਿਆ ਜਾ ਰਿਹਾ ਹੈ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ 26 ਮਈ ਨੂੰ ਕਾਲਾ ਦਿਨ ਮਨਾਉਣ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕਣ ਦੇ ਸੱਦੇ ਨੂੰ ਵੀ ਪੂਰਨ ਸਮਰਥਨ ਦੇਣ ਲਈ ਉਪਰੋਕਤ ਯਾਦਗਾਰ ’ਤੇ ਸਵੇਰੇ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਮਲਕੀਤ ਸਿੰਘ ਮਾਲੜੀ ਵੱਲੋਂ ਸ਼ਹੀਦ ਸਰਾਭਾ ਦੀ ਕੁਰਬਾਨੀ ਨੂੰ ਆਪਣੇ ਗੀਤ ਰਾਹੀਂ ਯਾਦ ਕੀਤਾ। ਸਮਾਗਮ ’ਚ ਹੋਰਾਂ ਤੋਂ ਇਲਾਵਾ ਜਸਵੰਤ ਜੀਰਖ, ਰਾਕੇਸ ਆਜ਼ਾਦ, ਸਤੀਸ਼ ਸੱਚਦੇਵਾ, ਰਣਜੋਧ ਸਿੰਘ ਲਲਤੋਂ, ਅਰੁਣ ਕੁਮਾਰ, ਪ੍ਰਤਾਪ ਸਿੰਘ, ਬਲਵਿੰਦਰ ਸਿੰਘ ਲਾਲ ਬਾਗ਼, ਡਾ. ਮੋਹਨ, ਸੁਬੇਗ ਸਿੰਘ, ਮਾਸਟਰ ਸੁਰਜੀਤ ਸਿੰਘ, ਟੇਕ ਚੰਦ ਕਾਲੀਆ, ਧੀਰਜ ਸਿੰਘ, ਮਾਹਣਾ ਸਿੰਘ, ਮਹੇਸ਼ ਆਦਿ ਸ਼ਾਮਲ ਸਨ।