ਪੱਤਰ ਪ੍ਰੇਰਕ
ਸਮਰਾਲਾ, 26 ਮਈ
ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਨਵਵਿਆਹੁਤਾ ਪਤਨੀ ਨੂੰ ਉਰਦੂ ਵਿੱਚ ਲਿਖੀ ਚਿੱਠੀ ਭੇਜ ਕੇ ਤਿੰਨ ਤਲਾਕ ਦੇਣ ਵਾਲੇ ਪਤੀ ਅਤੇ ਉਸ ਦੇ ਚਾਰ ਹੋਰ ਰਿਸ਼ਤੇਦਾਰਾਂ ਖ਼ਿਲਾਫ਼ ਸਥਾਨਕ ਪੁਲੀਸ ਨੇ ਕੇਸ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਪਿੰਡ ਕੁੱਬੇ ਦੇ ਵਸਨੀਕ ਯੂਸਫ ਨੇ ਆਪਣੀ ਧੀ ਸ਼ਰੀਫਾ (21) ਦਾ ਨਿਕਾਹ ਹਿਮਾਚਲ ਦੇ ਚੰਬਾ ਨਿਵਾਸੀ ਗੁਲਜ਼ਾਰ ਨਾਲ ਕੀਤਾ ਸੀ। ਮਗਰੋਂ ਉਸ ਦਾ ਸਹੁਰਾ ਪਰਿਵਾਰ ਦੋ ਲੱਖ ਦੀ ਨਕਦੀ ਤੇ ਆਲਟੋ ਕਾਰ ਦੀ ਮੰਗ ਕਰਨ ਲੱਗ ਪਏ। ਮੰਗ ਪੂੂਰੀ ਨਾ ਹੋਣ ’ਤੇ ਗੁਲਜ਼ਾਰ ਨੇ ਆਪਣੀ ਪਤਨੀ ਸ਼ਰੀਫਾ ਨੂੰ ਤਿੰਨ ਤਲਾਕ ਰਾਹੀਂ ਉਰਦੂ ਵਿੱਚ ਲਿਖੀ ਚਿੱਠੀ ਰਾਹੀਂ ਤਲਾਕ ਭੇਜ ਦਿੱਤਾ। ਇਸ ਤੋਂ ਬਾਅਦ ਯੂਸਫ ਤੇ ਉਸ ਦੀ ਧੀ ਤਿੰਨ ਤਲਾਕ ਖਿਲਾਫ਼ ਨਵਾਂ ਕਾਨੂੰਨ ਹੋਣ ਦੇ ਬਾਵਜੂਦ ਆਪਣੇ ਜਵਾਈ ਅਤੇ ਉਸ ਦੇ ਪਰਿਵਾਰ ਖਿਲਾਫ਼ ਕਾਰਵਾਈ ਕਰਵਾਉਣ ਲਈ ਕਰੀਬ 9 ਮਹੀਨੇ ਸਮਰਾਲਾ ਥਾਣੇ ਤੋਂ ਲੈ ਕੇ ਉੱਚ ਅਧਿਕਾਰੀਆਂ ਦੇ ਦਫ਼ਤਰਾਂ ਵਿੱਚ ਧੱਕੇ ਖਾਂਦੇ ਰਹੇ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ।
ਨਵੇਂ ਆਏ ਐੱਸ.ਐੱਸ.ਪੀ. ਰਵੀ ਕੁਮਾਰ ਨੇ ਕਾਨੂੰਨੀ ਸਲਾਹ ਲੈ ਕੇ ਤੁਰੰਤ ਚਿੱਠੀ ਭੇਜ ਤਿੰਨ ਤਲਾਕ ਦੇਣ ਵਾਲੇ ਗੁਲਜ਼ਾਰ, ਉਸ ਦੇ ਪਿਤਾ ਗੁਲਾਮ ਨਬੀ, ਉਸ ਦੀ ਮਾਤਾ ਸ਼ਕੀਲਾ ਅਤੇ ਕਾਗਜ ’ਤੇ ਲਿਖਿਆ ਤਿੰਨ ਤਲਾਕ ਲੈ ਕੇ ਆਉਣ ਵਾਲੇ ਵਿਅਕਤੀ ਨੂਰ ਮੁਹੰਮਦ ਖਿਲਾਫ਼ ਮੁਸਲਿਮ ਔਰਤਾਂ ਦੇ ਵਿਆਹ ਅਧਿਕਾਰ ਸੁਰੱਖਿਆ 2019 ਐਕਟ ਦੀ ਧਾਰਾ 4 ਅਧੀਨ ਕੇਸ ਦਰਜ ਕੀਤਾ ਹੈ। ਫਿਲਹਾਲ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਪੁਲੀਸ ਮੁਤਾਬਕ ਮੁਲਜ਼ਮਾਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।