ਗਗਨ ਅਰੋੜਾ
ਲੁਧਿਆਣਾ, 23 ਮਈ
ਲਾਡੋਵਾਲ ਦੇ ਪਿੰਡ ਨੂਰਪੁਰ ਬੇਟ ‘ਚ ਸੇਵਾਮੁਕਤ ਏਐੱਸਆਈ ਕੁਲਦੀਪ ਸਿੰਘ, ਉਸ ਦੀ ਪਤਨੀ ਪਰਮਜੀਤ ਕੌਰ ਤੇ ਲੜਕੇ ਗੁਰਵਿੰਦਰ ਸਿੰਘ ਉਰਫ਼ ਪਾਲੀ ਦੇ ਕਤਲ ਦੀ ਗੁੱਥੀ ਹਾਲੇ ਤੱਕ ਨਹੀਂ ਸੁਲਝੀ। ਤਿੰਨ ਦਿਨ ਬੀਤਣ ਮਗਰੋਂ ਵੀ ਲੁਧਿਆਣਾ ਪੁਲੀਸ ਦੇ ਹੱਥ ਕੋਈ ਸਬੂਤ ਨਹੀਂ ਲੱਗਿਆ। ਉਥੇ ਹੀ ਪੁਲੀਸ ਦੇ ਸ਼ੱਕ ਦੀ ਸੂਈ ਸੇਵਾਮੁਕਤ ਏਐੱਸਆਈ ਕੁਲਦੀਪ ਸਿੰਘ ਦੇ ਪਰਿਵਾਰ ਦੇ ਨਜ਼ਦੀਕੀਆਂ ਦੇ ਆਲੇ-ਦੁਆਲੇ ਘੁੰਮ ਰਹੀ ਹੈ। ਸੂਤਰਾਂ ਮੁਤਾਬਕ ਪੁਲੀਸ ਨੇ ਕਈ ਕਰੀਬੀਆਂ ਨੂੰ ਪੁੱਛ-ਪੜਤਾਲ ਲਈ ਸੱਦਿਆ ਹੈ ਪਰ ਇਸ ਗੱਲ ਦੀ ਪੁਸ਼ਟੀ ਨਾ ਤਾਂ ਕੁਲਦੀਪ ਸਿੰਘ ਦੇ ਪਰਿਵਾਰ ਦੇ ਨਜ਼ਦੀਕੀ ਤੇ ਨਾ ਹੀ ਕੋਈ ਪੁਲੀਸ ਅਧਿਕਾਰੀ ਕਰ ਰਿਹਾ ਹੈ। ਹਾਲਾਂਕਿ ਕਤਲ ਕਾਂਡ ਮਗਰੋਂ ਘਰ ‘ਚੋਂ ਗਾਇਬ ਹੋਏ ਮੋਟਰਸਾਈਕਲ ਬਾਰੇ ਵੀ ਕੁਝ ਪਤਾ ਨਹੀਂ ਲੱਗਿਆ। ਜੇਕਰ ਪੁਲੀਸ ਨੂੰ ਮੋਟਰਸਾਈਕਲ ਬਾਰੇ ਪਤਾ ਲੱਗਦਾ ਹੈ ਤਾਂ ਮੁਲਜ਼ਮਾਂ ਤੱਕ ਪਹੁੰਚਣ ਵਿੱਚ ਕਾਫੀ ਆਸਾਨੀ ਹੋ ਸਕਦੀ ਹੈ। ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਤੋਂ ਲੈ ਕੇ ਕੋਈ ਵੀ ਪੁਲੀਸ ਅਧਿਕਾਰੀ ਨਾ ਤਾਂ ਫੋਨ ਚੁੱਕ ਰਿਹਾ ਹੈ ਅਤੇ ਨਾ ਹੀ ਮੀਡੀਆ ਨੂੰ ਕੋਈ ਜਾਣਕਾਰੀ ਦੇ ਰਿਹਾ ਹੈ। ਕਤਲ ਤੋਂ ਬਾਅਦ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਘਰ ‘ਚੋਂ ਹਥਿਆਰ ਵੀ ਗਾਇਬ ਹਨ। ਹੁਣ ਤੱਕ ਦੀ ਜਾਂਚ ‘ਚ ਇਹੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਲੱਕੜ ਦੀ ਪੌੜੀ ਲਾ ਕੇ ਘਰ ਦੀ ਪਹਿਲੀ ਮੰਜ਼ਿਲ ਤੋਂ ਖਿੜਕੀ ਰਾਹੀਂ ਅੰਦਰ ਦਾਖਲ ਹੋਏ ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਪਰਮਜੀਤ ਕੌਰ ਤੇ ਗੁਰਿੰਦਰ ਸਿੰਘ ਇੱਕ ਬੈੱਡ ‘ਤੇ ਮ੍ਰਿਤਕ ਮਿਲੇ, ਜਦੋਂਕਿ ਕੁਲਦੀਪ ਸਿੰਘ ਬਾਹਰ ਲੌਬੀ ‘ਚ ਮ੍ਰਿਤਕ ਪਿਆ ਸੀ।
ਪੁਲੀਸ ਆਸਪਾਸ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਹੈ। ਇਸ ਤੋਂ ਇਲਾਵਾ ਇੱਕ ਪੀਲੇ ਰੰਗ ਦੀ ਟੀ-ਸ਼ਰਟ ਵੀ ਅੰਦਰੋਂ ਮਿਲੀ ਹੈ, ਜਿਸ ‘ਤੇ ਖੂਨ ਦੇ ਨਿਸ਼ਾਨ ਹਨ। ਇਸ ਤੋਂ ਇਹ ਸ਼ੱਕ ਹੈ ਕਿ ਮੁਲਜ਼ਮਾਂ ਨੇ ਵਾਰਦਾਤ ਕਰਨ ਤੋਂ ਬਾਅਦ ਟੀ-ਸ਼ਰਟ ਬਦਲੀ ਹੈ। ਉਧਰ, ਪੁਲੀਸ ਦੀਆਂ ਕਈ ਟੈਕਨੀਕਲ ਟੀਮਾਂ ਇਸ ‘ਤੇ ਜਾਂਚ ਕਰ ਰਹੀਆਂ ਹਨ। ਸ਼ਨਿਚਰਵਾਰ ਤੇ ਐਤਵਾਰ ਦੇ ਦਿਨ ਵੀ ਸਾਰੀਆਂ ਕਾਲ ਡਿਟੇਲਾਂ ਪੁਲੀਸ ਚੈੱਕ ਕਰਵਾਉਣ ‘ਚ ਲੱਗੀ ਰਹੀ।