ਐਲਡੀਪੀ ਦੇ ਡਰਾਅ ਕੱਢਣ ਲਈ ਟਰੱਸਟੀਆਂ ਨੂੰ ਨਾ ਬੁਲਾਉਣ ਦਾ ਮਾਮਲਾ ਭਖਿਆ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਅਗਸਤ
ਲੁਧਿਆਣਾ ਦਾ ਨਗਰ ਸੁਧਾਰ ਟਰੱਸਟ ਦਾ ਦਫ਼ਤਰ ਹੁਣ ਇੱਕ ਵਾਰ ਫਿਰ ਸਿਆਸੀ ਚਰਚਾ ਵਿੱਚ ਆ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਟਰੱਸਟ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿੱਚ ਹੈ, ਹੁਣ ਤਾਜ਼ਾ ਮਾਮਲੇ ਵਿੱਚ ਟਰੱਸਟ ਦੇ ਚੇਅਰਮੈਨ ਦੇ ਖ਼ਿਲਾਫ਼ ਟਰੱਸਟੀਆਂ ਨੇ ਹੀ ਮੋਰਚਾ ਖੋਲ੍ਹ ਦਿੱਤਾ ਹੈ। ਟਰੱਸਟੀਆਂ ਨੇ ਦੋਸ਼ ਲਗਾਏ ਹਨ ਕਿ ਅੱਜ ਟਰੱਸਟ ਵਿੱਚ ਚੇਅਰਮੈਨ ਨੇ ਐਲਡੀਪੀ ਦੇ ਪਲਾਟਾਂ ਦੇ ਡਰਾਅ ਕੱਢੇ, ਜਿਸ ਬਾਰੇ ਟਰੱਸਟੀਆਂ ਨੂੰ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਇੱਥੇ ਤੱਕ ਦੋਸ਼ ਲਗਾ ਦਿੱਤੇ ਕਿ ਸਾਰੇ ਟਰੱਸਟੀ ਜਲਦ ਹੀ ਮੀਟਿੰਗ ਕਰ ਚੇਅਰਮੈਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੀਆਂ ਫਾਈਲਾਂ ’ਤੇ ਜਵਾਬ ਮੰਗਣਗੇ। ਦਰਅਸਲ ਚੇਅਰਮੈਨ ਰਮਨ ਬਾਲਾ ਸੁਬਰਮਨੀਅਮ ਵੱਲੋਂ ਅੱਜ ਐਲਡੀਪੀ (ਲੋਕਲ ਡਿਲਪੇਲੇਸਡ ਪਰਸਨ) ਦੇ ਤਹਿਤ ਦੋ ਪਲਾਟਾਂ ਦੇ ਡਰਾਅ ਕੱਢੇ ਗਏ ਸਨ। ਇਸ ਡਰਾਅ ਦੇ ਲਈ ਦੁਪਹਿਰ ਸਮੇਂ ਛੁੱਟੀ ’ਤੇ ਚੱਲ ਰਹੇ ਮੁਲਾਜ਼ਮਾਂ ਨੂੰ ਤੁਰੰਤ ਨੋਟਿਸ ਦੇ ਕੇ ਦਫ਼ਤਰ ਬੁਲਾਇਆ ਗਿਆ ਤੇ ਫਿਰ ਦੁਪਹਿਰ ਤਿੰਨ ਵਜੇ ਦੋ ਪੌਸ਼ ਪਲਾਟਾਂ ਦੇ ਡਰਾਅ ਕੱਢੇ ਗਏ। ਜਿਸ ਦੀ ਖ਼ਬਰ ਅਚਾਨਕ ਟਰੱਸਟੀਆਂ ਨੂੰ ਲੱਗ ਗਈ। ਟਰੱਸਟੀਆਂ ਨੇ ਰੋਲਾ ਪਾ ਦਿੱਤਾ। ਪਿਛਲੇ ਦਿਨੀਂ ਹੀ ਨਗਰ ਸੁਧਾਰ ਟਰੱਸਟ ਲਈ ਸਰਕਾਰ ਨੇ 7 ਟਰੱਸਟੀ ਨਿਯੁਕਤ ਕੀਤੇ ਸਨ। ਉਨ੍ਹਾਂ ਵਿੱਚੋਂ ਇੱਕ ਟਰੱਸਟੀ ਧਰਮਿੰਦਰ ਸ਼ਰਮਾ ਵਿੱਕੀ ਜਿੱਪਸੀ ਨੇ ਦੋਸ਼ ਲਗਾਏ ਕਿ ਟਰੱਸਟ ਵਿੱਚ ਸਭ ਕੁੱਝ ਠੀਕ ਨਹੀਂ ਚੱਲ ਰਿਹਾ ਹੈ। ਉਨ੍ਹਾਂ ਨੇ ਪਿਛਲੇ ਦਿਨੀਂ ਕਈ ਮਾਮਲਿਆਂ ਵਿੱਚ ਟਰੱਸਟ ਦੇ ਚੇਅਰਮੈਨ ਨੂੰ ਆਪਣੀ ਸਹਿਮਤੀ ਨਹੀਂ ਦਿੱਤੀ ਸੀ, ਇਸ ਕਰਕੇ ਹੁਣ ਅੱਜ ਜਦੋਂ ਡਰਾਅ ਕੱਢੇ ਗਏ ਤਾਂ ਕਿਸੇ ਵੀ ਟਰੱਸਟੀ ਨੂੰ ਮੌਕੇ ’ਤੇ ਨਹੀਂ ਬੁਲਾਇਆ ਗਿਆ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਐਤਵਾਰ ਨੂੰ ਸਾਰੇ ਟਰੱਸਟੀਆਂ ਦੀ ਮੀਟਿੰਗ ਕਰਨਗੇ ਤੇ ਚੇਅਰਮੈਨ ਤੋਂ ਹੁਣ ਤੱਕ ਕੀਤੀ ਗਏ ਕੰਮਾਂ ਬਾਰੇ ਪੁੱਛਣਗੇ। ਟਰੱਸਟੀ ਵਿਜੈ ਗਾਬਾ ਨੇ ਵੀ ਦੱਸਿਆ ਕਿ ਉਨ੍ਹਾਂ ਨੂੰ ਵੀ ਮੀਟਿੰਗ ਬਾਰੇ ਕੋਈ ਜਾਣਕਾਰੀ ਨਹੀਂ ਸੀ, ਉਨ੍ਹਾਂ ਨੇ ਚੇਅਰਮੈਨ ਨਾਲ ਗੱਲ ਕੀਤੀ ਹੈ ਤੇ ਸੋਮਵਾਰ ਦਫ਼ਤਰ ਜਾ ਕੇ ਪੁੱਛਣਗੇ। ਚੇਅਰਮੈਨ ਰਮਨ ਬਾਲਾ ਸੁਬਰਮਨੀਅਮ ਦਾ ਕਹਿਣਾ ਹੈ ਕਿ ਇਸ ਕੰਮ ਲਈ ਟਰੱਸਟੀਆਂ ਦੀ ਜਰੂਰਤ ਨਹੀਂ ਹੈ, ਇਹ ਅਦਾਲਤੀ ਆਦੇਸ਼ਾਂ ’ਤੇ ਪਲਾਟ ਦੇ ਡਰਾਅ ਕੱਢੇ ਗਏ ਹਨ। ਟਰੱਸਟੀਆਂ ਦੀ ਜਰੂਰਤ ਸਿਰਫ਼ ਟਰੱਸਟ ਦੀ ਮੀਟਿੰਗ ਵੇਲੇ ਹੁੰਦੀ ਹੈ, ਉਹ ਉਦੋਂ ਉਨ੍ਹਾਂ ਨੂੰ ਜਰੂਰ ਬੁਲਾਉਣਗੇ।