ਸੰਤੋਖ ਗਿੱਲ
ਰਾਏਕੋਟ, 26 ਜੂਨ
ਥਾਣਾ ਸ਼ਹਿਰੀ ਰਾਏਕੋਟ ਪੁਲੀਸ ਨੇ ਕਰੀਬ 10 ਦਿਨ ਪਹਿਲਾਂ ਸ਼ਹਿਰ ਦੇ ਮੌਲਵੀਆਂ ਮੁਹੱਲਾ ਵਾਸੀ ਵਿਨੈ ਕੁਮਾਰ ਦੇ ਮਕਾਨ ਅਤੇ ਮੁੱਖ ਬਾਜ਼ਾਰ ਵਿੱਚ ਸਥਿਤ ਦੁਕਾਨ ਅਰੁਣੇ ਦੀ ਹੱਟੀ ਤੋਂ 5 ਲੱਖ ਰੁਪਏ ਨਕਦੀ ਅਤੇ ਪਲੈਟਿਨਾ ਮੋਟਰਸਾਈਕਲ ਚੋਰੀ ਕਰਨ ਦੇ ਮਾਮਲੇ ਵਿੱਚ ਦੋ ਮੁਲਜ਼ਮ ਕਾਬੂ ਕਰ ਕੇ ਕਰੀਬ ਸਾਢੇ ਤਿੰਨ ਲੱਖ ਰੁਪਏ, ਇੱਕ ਨਵਾਂ ਮੋਬਾਈਲ ਅਤੇ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਉਪ ਪੁਲੀਸ ਕਪਤਾਨ ਰਛਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਹਿਚਾਣ ਵਰਿੰਦਰ ਸਿੰਘ ਉਰਫ਼ ਗੱਗੀ ਵਾਸੀ ਪਿੰਡ ਬੁਰਜ ਹਰੀ ਸਿੰਘ ਅਤੇ ਬਾਬਰ ਮੁਹੰਮਦ ਵਾਸੀ ਪਿੰਡ ਬਿੰਜਲ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਵਰਿੰਦਰ ਸਿੰਘ ਗੱਗੀ ਵਿਨੈ ਕੁਮਾਰ ਦੀ ਦੁਕਾਨ ਉੱਪਰ ਹੀ ਕੁਝ ਅਰਸਾ ਪਹਿਲਾਂ ਕੰਮ ਕਰਦਾ ਸੀ ਅਤੇ ਮਹੀਨਾ ਪਹਿਲਾਂ ਕੰਮ ਛੱਡ ਕੇ ਚਲਾ ਗਿਆ ਸੀ।
ਥਾਣਾ ਸ਼ਹਿਰੀ ਰਾਏਕੋਟ ਦੇ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਅਤੇ ਜਾਂਚ ਅਫ਼ਸਰ ਥਾਣੇਦਾਰ ਗੁਰਮੀਤ ਸਿੰਘ ਦੀ ਮੌਜੂਦਗੀ ਵਿੱਚ ਡੀ.ਐੱਸ.ਪੀ ਰਛਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਵਰਿੰਦਰ ਸਿੰਘ ਗੱਗੀ ਕੈਸ਼ ਕਾਊਂਟਰ ਦੀ ਚਾਬੀ ਨੌਕਰੀ ਛੱਡਣ ਵੇਲੇ ਹੀ ਆਪਣੇ ਨਾਲ ਲੈ ਗਿਆ ਸੀ। ਇਸੇ ਕਾਰਨ ਵਾਰਦਾਤ ਸਮੇਂ ਤੋੜ-ਭੰਨ ਕਰਨ ਦੀ ਬਜਾਇ ਚਾਬੀ ਨਾਲ ਹੀ ਤਾਲਾ ਖੋਲ੍ਹ ਕੇ 5 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਸੀ। ਉਨ੍ਹਾਂ ਕਿਹਾ ਕਿ ਵਾਰਦਾਤ ਸਮੇਂ ਮੁਲਜ਼ਮ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਚੋਰੀ ਕਰ ਕੇ ਲੈ ਗਏ ਸਨ ਅਤੇ ਉਸੇ ਰਾਤ ਇਸ ਨੂੰ ਅਬੋਹਰ ਬਰਾਂਚ ਨਹਿਰ ਵਿੱਚ ਸੁੱਟ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਵਰਿੰਦਰ ਸਿੰਘ ਗੱਗੀ ਖ਼ਿਲਾਫ਼ ਥਾਣਾ ਜੋਧਾਂ ਵਿੱਚ ਵੀ ਚੋਰੀ ਦਾ ਇੱਕ ਕੇਸ ਦਰਜ ਹੈ। ਉੱਧਰ, ਥਾਣਾ ਸਦਰ ਅਧੀਨ ਚੌਕੀ ਜਲਾਲਦੀਵਾਲ ਦੇ ਇੰਚਾਰਜ ਸਬ ਇੰਸਪੈਕਟਰ ਕੁਲਦੀਪ ਕੁਮਾਰ ਨੇ ਭਗਵੰਤ ਸਿੰਘ ਉਰਫ਼ ਕਾਲਾ ਵਾਸੀ ਕਾਲਸਾਂ ਤੋਂ 65 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਭਗਵੰਤ ਸਿੰਘ ਖ਼ਿਲਾਫ਼ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿੱਚ ਨਸ਼ਾ ਤਸਕਰੀ ਅਤੇ ਆਬਕਾਰੀ ਕਾਨੂੰਨ ਤਹਿਤ ਅੱਠ ਕੇਸ ਦਰਜ ਹਨ।