ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਜਨਵਰੀ
ਥਾਣਾ ਡਿਵੀਜ਼ਨ ਨੰਬਰ-3 ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਾਹਿਲ ਵਾਸੀ ਮਹਿਤਾ ਰੋਡ ਮਕਬੂਲਪੁਰਾ (ਅੰਮ੍ਰਿਤਸਰ) ਤੇ ਪਵਨ ਕੁਮਾਰ ਵਾਸੀ ਮੁਹੱਲਾ ਬਾਜੜਾ ਵਜੋਂ ਹੋਈ ਹੈ। ਏਡੀਸੀ ਰੁਪਿੰਦਰ ਕੌਰ ਸਰਾਂ ਨੇ ਅੱਜ ਇਥੇ ਦੱਸਿਆ ਹੈ ਕਿ ਸਹਾਇਕ ਪੁਲੀਸ ਕਮਿਸ਼ਨਰ ਸੁਖਨਾਜ ਸਿੰਘ ਦੀਆਂ ਹਿਦਾਇਤਾਂ ’ਤੇ ਸਬ-ਇੰਸਪੈਕਟਰ ਅੰਮ੍ਰਿਤ ਪਾਲ ਸਿੰਘ ਦੀ ਅਗਵਾਈ ਹੇਠ ਥਾਣੇਦਾਰ ਗਮਦੂਰ ਸਿੰਘ ਨੇ ਗਸ਼ਤ ਦੌਰਾਨ ਸਥਾਨਕ ਨਿੰਮ ਵਾਲਾ ਚੌਕ ’ਤੇ ਦੋ ਸ਼ੱਕੀ ਵਿਕਅਤੀਆਂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕਬਜ਼ੇ ਵਿੱਚੋਂ ਨਸ਼ੀਲੀਆਂ ਗੋਲੀਆਂ ਨਾਲ ਭਰੀਆਂ ਡੱਬੀਆਂ ਬਰਾਮਦ ਹੋਈਆਂ।
ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀਆਂ 171 ਡੱਬੀਆਂ ਵਿੱਚ 34,180 ਨਸ਼ੀਲੀਆਂ ਗੋਲੀਆਂ ਸਨ। ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ 2 ਲੱਖ 40 ਹਜ਼ਾਰ ਰੁਪਾਏ ਦੀ ਡਰੱਗ ਮਨੀ ਵੀ ਬਰਾਮਦ ਹੋਈ ਹੈ। ਥਾਣੇਦਾਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਹੈ ਕਿ ਮੁਲਜ਼ਮਾਂ ਵਿੱਚੋਂ ਪਵਨ ਕੁਮਾਰ ਖ਼ਿਲਾਫ਼ ਪਹਿਲਾਂ ਹੀ ਥਾਣਾ ਡਿਵੀਜ਼ਨ ਨੰਬਰ ਤਿੰਨ, ਥਾਣਾ ਜਗਰਾਉਂ ਅਤੇ ਥਾਣਾ ਸੁਧਾਰ ਵਿੱਚ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਪੁਲੀਸ ਮੁਲਜ਼ਮਾਂ ਕੋਲੋਂ ਪੁੱਛ-ਪੜਤਾਲ ਕਰ ਰਹੀ ਹੈ।
ਨਸ਼ੀਲੀਆਂ ਗੋਲੀਆਂ ਸਣੇ ਦੋ ਕਾਬੂ, ਕਾਰ ਜ਼ਬਤ
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਥਾਣਾ ਦਾਖਾ ਦੀ ਪੁਲੀਸ ਨੇ ਅੱਜ ਨਾਕਾਬੰਦੀ ਦੌਰਾਨ ਕਾਰ ਸਵਾਰ ਦੋ ਵਿਅਕਤੀਆਂ ਤੋਂ ਇਕ ਹਜ਼ਾਰ ਤੋਂ ਵਧੇਰੇ ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਨਾਲ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਫ਼ਸਰ ਥਾਣੇਦਾਰ ਰਾਜਵਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪੁਲੀਸ ਪਾਰਟੀ ਨੇ ਚੰਗਣਾਂ ਨਹਿਰ ਪੁਲ ’ਤੇ ਨਾਕਾਬੰਦੀ ਕਰਕੇ ਸ਼ੱਕ ਸਵਿਫ਼ਟ ਡੀਜ਼ਾਇਰ ਕਾਰ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਕਤ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਮੁਲਜ਼ਮਾਂ ਦੀ ਪਛਾਣ ਸਵਰਨ ਸਿੰਘ ਉਰਫ਼ ਬੱਬੀ ਵਾਸੀ ਰਜਾਪੁਰ ਥਾਣਾ ਲਾਡੋਵਾਲ ਤੇ ਪੂਰਨ ਸਿੰਘ ਉਰਫ਼ ਲਾਡੀ ਵਾਸੀ ਦੇਤਵਾਲ ਵਜੋਂ ਹੋਈ ਹੈ। ਪੁਲੀਸ ਨੇ ਕਾਰ ਵੀ ਜ਼ਬਤ ਕਰ ਲਈ ਹੈ।