ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਜੂਨ
ਸ਼ਹਿਰ ਵਿੱਚ ਕੱਪੜਾ ਕਾਰੋਬਾਰੀ ਮਨੀਸ਼ ਬਾਂਸਲ ਦੇ ਪੁੱਤਰ ਸਾਰਥਕ ਬਾਂਸਲ ਕੋਲੋਂ ਹਥਿਆਰ ਦਿਖਾ ਲਾਡੋਵਾਲ ਇਲਾਕੇ ਵਿੱਚ ਗੱਡੀ ਲੁੱਟਣ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਲੁਧਿਆਣਾ ਪੁਲੀਸ ਨੇ ਕਾਬੂ ਕੀਤਾ ਹੈ। ਪੁਲੀਸ ਨੇ ਮੁਲਾਜ਼ਮਾਂ ਨੂੰ ਲਾਡੋਵਾਲ ਟੌਲ ਪਲਾਜ਼ਾ ਨੇੜੇ ਉਸ ਵੇਲੇ ਗ੍ਰਿਫ਼ਤਾਰ ਕੀਤਾ ਜਦੋਂ ਉਹ ਮੁਲਜ਼ਮ ਲੁੱਟੀ ਹੋਈ ਕਾਰ ਦੀ ਨੰਬਰ ਪਲੇਟ ਬਦਲ ਕੇ ਉਸ ਨੂੰ ਭਜਾ ਕੇ ਲਿਜਾਉਣ ਦੀ ਫਿਰਾਕ ਵਿੱਚ ਸਨ। ਮੁਲਜ਼ਮਾਂ ਦੀ ਪਛਾਣ ਸੁਖਵੀਰ ਸਿੰਘ ਉਰਫ਼ ਸੁੱਖੀ ਵਾਸੀ ਪਿੰਡ ਕੁੱਕੜ ਅਤੇ ਵਿਨੋਦ ਕੁਮਾਰ ਉਰਫ਼ ਹੈਪੀ ਵਾਸੀ ਫਿਲੌਰ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਰਿਵਾਲਵਰ, ਦੇਸੀ ਪਿਸਤੌਲ, ਚਾਰ ਕਾਰਤੂਸ ਤੇ 9 ਕਾਰਤੂਸ ਬਰਾਮਦ ਕੀਤੇ ਹਨ। ਏਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਸਾਰਥਕ ਬਾਂਸਲ ਦੋ ਦਿਨ ਪਹਿਲਾਂ ਆਪਣੀ ਕਾਰ ਵਿੱਚ ਲਾਡੋਵਾਲ ਟੌਲ ਪਲਾਜ਼ਾ ਵੱਲ ਜਾ ਰਿਹਾ ਸੀ ਕਿ ਇਸ ਦੌਰਾਨ ਰਸਤੇ ਵਿੱਚ ਮੁਲਜ਼ਮਾਂ ਨੇ ਉਸਨੂੰ ਘੇਰ ਲਿਆ। ਮੁਲਜ਼ਮਾਂ ਨੇ ਉਸਨੂੰ ਹਥਿਆਰ ਦਿਖਾ ਕੇ ਗੱਡੀ ਲੁੱਟ ਲਈ। ਜ਼ਿਕਰਯੋਗ ਹੈ ਕਿ ਮੁਲਜ਼ਮ ਗੱਡੀ ਦੀ ਨੰਬਰ ਪਲੇਟ ਬਦਲ ਰਹੇ ਸਨ। ਫਿਲਹਾਲ ਪੁਲੀਸ ਮੁਲਾਜ਼ਮਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ।