ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਅਪਰੈਲ
ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੂੰ ਮੁਹੱਲਾ ਮੁਰਾਦਪੁਰਾ ਮਿੱਲਰ ਗੰਜ ਵਾਸੀ ਰਾਹੁਲ ਕੁਮਾਰ ਨੇ ਦੱਸਿਆ ਕਿ ਉਸਦੀ ਨਿੱਟਵੇਅ ਇੰਡਸਟਰੀ ਮੁਰਾਦਪੁਰਾ ਮੁਹੱਲਾ ਵਿੱਚ ਹੈ ਤੇ ਉਸ ਕੋਲ ਸਿਦਕ ਆਲਮ ਦੋ ਸਾਲਾਂ ਤੋਂ ਕੰਮ ਕਰ ਰਿਹਾ ਹੈ। ਉਸ ਨੇ ਦੋਸ਼ ਲਾਇਆ ਕਿ ਸਿਦਕ ਆਲਮ ਨੇ ਫੈਕਟਰੀ ਵਿੱਚੋਂ ਛੇ ਬੋਰੀਆਂ ਵਾਸ਼ਲਾਂ ਦੇ ਛਿਲਕੇ ਤੇ ਚਾਰ ਬੋਰੀਆਂ ਵਾਸ਼ਲਾਂ ਚੋਰੀ ਕਰ ਲਿਆ। ਜਾਂਚ ਅਧਿਕਾਰੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਸਿਦਕ ਆਲਮ ਨੂੰ ਗ੍ਰਿਫ਼ਤਾਰ ਕਰ ਕੇ ਚਾਰ ਬੋਰੀਆਂ ਵਾਸ਼ਲਾਂ ਅਤੇ ਉਸ ਦਾ ਥ੍ਰੀਵੀਲਰ ਬਰਾਮਦ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਪੰਕਜ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਸਦਾ ਮੁਹੱਲਾ ਮੁਰਾਦਪੁਰਾ ਵਿੱਚ ਗੋਦਾਮ ਹੈ ਜਿੱਥੇ ਦਵਿੰਦਰ ਸਿੰਘ ਅਤੇ ਰੌਬਨ ਅਲੀ ਨੌਕਰੀ ਕਰਦੇ ਹਨ। ਉਸ ਨੇ ਦੋਸ਼ ਲਾਇਆ ਕਿ ਦੋਵਾਂ ਵੱਲੋਂ ਕੁਝ ਸਮੇਂ ਤੋਂ ਨਟ-ਬੋਲਟ ਚੋਰੀ ਕਰ ਕੇ ਸੈਦੁਲ ਨਾਂ ਦੇ ਵਿਅਕਤੀ ਨੂੰ ਵੇਚੇ ਜਾਂਦੇ ਸਨ। ਜਾਂਚ ਅਧਿਕਾਰੀ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੀਤੀ ਤਫ਼ਤੀਸ਼ ਦੌਰਾਨ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਤਿੰਨ ਬੋਰੀਆਂ ਨਟ-ਬੋਲਟ ਬਰਾਮਦ ਕਰ ਲਏ ਗਏ ਹਨ ਜਦਕਿ ਉਸ ਦੇ ਸਾਥੀਆਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।