ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਅਕਤੂਬਰ
ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਦੋ ਜਣਿਆਂ ਨੂੰ ਬੈਂਕ ਦਾ ਏਟੀਐਮ ਤੋੜਦਿਆਂ ਕਾਬੂ ਕੀਤਾ ਹੈ। ਹੌਲਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਪੀਸੀਆਰ ਨੰਬਰ 29, ਬੀਟ ਚੌਕੀ ਜੀਵਨ ਨਗਰ ਥਾਣਾ ਫੋਕਲ ਪੁਆਇੰਟ ਵਿੱਚ ਸਿਪਾਹੀ ਸੁਜਾਨ ਸਿੰਘ ਨੰਬਰ 3661 ਨਾਲ ਵੀਰ ਪੈਲੇਸ ਚੌਕ ਤੋਂ ਚੌਕੀ ਜੀਵਨ ਨਗਰ ਮੇਨ ਰੋਡ ’ਤੇ ਗਸ਼ਤ ਕਰ ਰਹੇ ਸੀ ਤਾਂ ਪਤਾ ਲੱਗਿਆ ਕਿ ਬੈਂਕ ਆਫ ਬੜੌਦਾ ਦੇ ਏਟੀਐਮ ਦਾ ਸ਼ਟਰ ਬੰਦ ਕਰਕੇ ਛੋਟੂ ਕੁਮਾਰ ਵਾਸੀ ਨੇੜੇ ਅਰੋੜਾ ਸਟੀਲ ਪਲਾਂਟ ਢੰਡਾਰੀ ਕਲਾਂ ਅਤੇ ਧੀਰੇਂਦਰ ਕੁਮਾਰ ਵਾਸੀ ਪ੍ਰੇਮ ਨਗਰ ਫੋਕਲ ਪੁਆਇੰਟ ਬੈਂਕ ਦੇ ਏਟੀਐਮ ਨੂੰ ਗੈਸ ਕਟਰ ਦੀ ਮਦਦ ਨਾਲ ਕੱਟ ਰਹੇ ਸਨ, ਜਿਸ ਨਾਲ ਮਸ਼ੀਨ ਦਾ ਕਾਫੀ ਨੁਕਸਾਨ ਹੋਇਆ। ਪੁਲੀਸ ਨੇ ਦੋਵਾਂ ਜਣਿਆਂ ਨੂੰ ਕਾਬੂ ਕਰਕੇ ਇੱਕ ਗੈਸ ਕਟਰ, ਛੋਟਾ ਸਿਲੰਡਰ, ਦੋ ਬੈਟਰੀਆਂ ਅਤੇ ਇੱਕ ਪਾਈਪ ਕਿੱਟ ਬਰਾਮਦ ਕੀਤੀ ਹੈ।