ਸੰਤੋਖ ਗਿੱਲ
ਗੁਰੂਸਰ ਸੁਧਾਰ, 19 ਅਕਤੂਬਰ
ਲੁਧਿਆਣਾ-ਬਠਿੰਡਾ ਰਾਜ ਮਾਰਗ ਉੱਪਰ ਭਾਰਤੀ ਹਵਾਈ ਸੈਨਾ ਦੇ ਘਰੇਲੂ ਕੰਪਲੈਕਸ ਨੇੜੇ ਕਰੋਨਾ ਟੀਕਾਕਰਨ ਕੈਂਪ ਵਿਚ ਹਿੱਸਾ ਲੈਣ ਆਈਆਂ ਐਕਟਿਵਾ ਸਵਾਰ ਦੋ ਆਸ਼ਾ ਵਰਕਰ ਟਰੈਕਟਰ ਟਰਾਲੀ ਦੀ ਲਪੇਟ ਵਿਚ ਆ ਕੇ ਗੰਭੀਰ ਜ਼ਖ਼ਮੀ ਹੋ ਗਈਆਂ ਹਨ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਅਕਾਲਗੜ੍ਹ ਦੀ ਆਸ਼ਾ ਵਰਕਰ ਰਾਜਵਿੰਦਰ ਕੌਰ ਦੇ ਗੰਭੀਰ ਸੱਟਾਂ ਲੱਗੀਆਂ ਹਨ ਜਦਕਿ ਕਮਲਜੀਤ ਕੌਰ ਵੀ ਜ਼ਖ਼ਮੀ ਹੋਈ ਹੈ। ਇਕ ਮੋਟਰਸਾਈਕਲ ਵਾਲੇ ਨੂੰ ਬਚਾਉਣ ਦੇ ਚੱਕਰ ਵਿਚ ਟਰੈਕਟਰ ਬੇਕਾਬੂ ਹੋ ਗਿਆ ਅਤੇ ਐਕਟਿਵਾ ਨੂੰ ਦਰੜਦਾ ਹੋਇਆ ਇਕ ਦੁਕਾਨ ਦੇ ਬਾਹਰ ਪਏ ਸਮਾਨ ਉੱਪਰ ਜਾ ਚੜ੍ਹਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਜਦੋਂ ਦੋਵੇਂ ਆਸ਼ਾ ਵਰਕਰ ਘਰ ਤੋਂ ਖਾਣਾ ਖਾ ਕੇ ਕੈਂਪ ਵਿਚ ਸ਼ਾਮਲ ਹੋਣ ਲਈ ਮੁੱਖ ਮਾਰਗ ਉਪਰ ਚੜ੍ਹੀਆਂ ਤਾਂ ਝੋਨੇ ਦੀ ਟਰਾਲੀ ਸਮੇਤ ਹਲਵਾਰਾ ਤੋਂ ਆ ਰਹੇ ਟਰੈਕਟਰ ਦੀ ਲਪੇਟ ਵਿਚ ਆ ਗਈਆਂ। ਮੌਕੇ ’ਤੇ ਪੁੱਜੇ ਥਾਣਾ ਸੁਧਾਰ ਦੇ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ, ਪਰ ਟਰੈਕਟਰ-ਟਰਾਲੀ ਪੁਲੀਸ ਨੇ ਕਬਜੇ ਵਿਚ ਲੈ ਲਏ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਪੂਰਨ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਅਤੇ ਮਾਮਲਾ ਡੀਐੱਸਪੀ ਦਾਖਾ ਸਮੇਤ ਹੋਰ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀ ਆਸ਼ਾ ਵਰਕਰਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਇਲਾਜ ਵਿਚ ਰੁਝੇ ਹੋਣ ਕਾਰਨ ਕਾਨੂੰਨੀ ਕਾਰਵਾਈ ਬਾਅਦ ਵਿਚ ਅਮਲ ਵਿਚ ਲਿਆਂਦੀ ਜਾਵੇਗੀ। ਇਸ ਸਬੰਧੀ ਸੂਚਨਾ ਮਿਲਦੇ ਸਾਰ ਮੌਕੇ ’ਤੇ ਪੁੱਜੇ ਸਰਕਾਰੀ ਹਸਪਤਾਲ ਸੁਧਾਰ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਾਜਵਿੰਦਰ ਕੌਰ ਦੀ ਬਾਂਹ ਦੀ ਹੱਡੀ ਟੁੱਟੀ ਹੈ, ਦੋਵੇਂ ਆਸ਼ਾ ਵਰਕਰਾਂ ਦੇ ਇਲਾਜ ਵਿਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ, ਹਰ ਸੰਭਵ ਸਹਾਇਤਾ ਵਿਭਾਗ ਵੱਲੋਂ ਦਿੱਤੀ ਜਾ ਰਹੀ ਹੈ।
ਟਰੈਕਟਰ ਹੇਠ ਆ ਕੇ ਚਕਨਾਚੂਰ ਹੋਈ ਐਕਟਿਵਾ ਅਤੇ ਜਾਂਚ ਕਰਦੇ ਪੁਲੀਸ ਅਧਿਕਾਰੀ।