ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 29 ਅਕਤੂਬਰ
ਵੱਖ-ਵੱਖ ਥਾਵਾਂ ਤੋਂ ਭੇਤ-ਭਰੀ ਹਾਲਤ ਵਿੱਚ ਦੋ ਲੜਕੇ ਲਾਪਤਾ ਹੋ ਗਏ ਹਨ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੂੰ ਚੇਤ ਸਿੰਘ ਨਗਰ ਵਾਸੀ ਤਰਲੋਚਨ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਹਰਸ਼ਪ੍ਰੀਤ ਸਿੰਘ (24) ਆਪਣੇ ਦੋਸਤ ਜਸਪ੍ਰੀਤ ਸਿੰਘ ਉਰਫ਼ ਜੱਸੂ ਨਾਲ ਮੋਟਰਸਾਈਕਲ ’ਤੇ ਆਪਣੇ ਜਨਮ ਦਿਨ ਦੀ ਪਾਰਟੀ ਲਈ ਗਿਆ ਸੀ। ਉਸ ਤੋਂ ਬਾਅਦ ਅੱਜ ਤੱਕ ਲੜਕਾ ਘਰ ਨਹੀਂ ਆਇਆ। ਉਸ ਦੀ ਕਾਫ਼ੀ ਤਲਾਸ਼ ਕੀਤੀ ਗਈ, ਪਰ ਉਹ ਨਹੀਂ ਮਿਲਿਆ। ਉਸਨੇ ਸ਼ੱਕ ਪ੍ਰਗਟ ਕੀਤਾ ਕਿ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਆਪਣੇ ਨਿੱਜੀ ਸਵਾਰਥ ਲਈ ਲੜਕੇ ਨੂੰ ਆਪਣੀ ਨਾਜਾਇਜ਼ ਹਿਰਾਸਤ ਵਿੱਚ ਕਿਧਰੇ ਲੁਕਾ ਕੇ ਰੱਖਿਆ ਹੋਇਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਕੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸੇ ਤਰ੍ਹਾਂ ਥਾਣਾ ਟਿੱਬਾ ਦੀ ਪੁਲੀਸ ਨੂੰ ਮੁਹੱਲਾ ਕਰਮਸਰ ਕਲੋਨੀ, ਪ੍ਰੇਮ ਵਿਹਾਰ ਰੋਡ ਵਾਸੀ ਮਮਤਾ ਪਤਨੀ ਅਨਿਲ ਕੁਮਾਰ ਨੇ ਦੱਸਿਆ ਕਿ ਉਸਦਾ ਲੜਕਾ ਰਿਤਿਕ ਗਿੱਲ ਉਰਫ਼ ਜਾਨੂੰ (8) ਘਰ ਦੇ ਬਾਹਰ ਸੜਕ ’ਤੇ ਖੇਡ ਰਿਹਾ ਸੀ ਕਿ ਅਚਾਨਕ ਪਤਾ ਨਹੀਂ ਕਿੱਥੇ ਚਲਾ ਗਿਆ ਤੇ ਹੁਣ ਤੱਕ ਘਰ ਨਹੀਂ ਆਇਆ। ਉਸ ਨੂੰ ਯਕੀਨ ਹੈ ਕਿ ਲੜਕੇ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਗੁਪਤ ਤੌਰ ’ਤੇ ਆਪਣੇ ਕਿਸੇ ਸਵਾਰਥ ਲਈ ਲੁਕਾ ਕੇ ਰੱਖਿਆ ਹੈ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।