ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 19 ਅਕਤੂਬਰ
ਵੱਖ ਵੱਖ ਥਾਵਾਂ ਤੋਂ ਦੋ ਨਾਬਾਲਗ ਲੜਕੇ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋ ਗਏ ਹਨ। ਥਾਣਾ ਸਰਾਭਾ ਨਗਰ ਦੀ ਪੁਲੀਸ ਨੂੰ ਪਿੰਡ ਸੁਨੇਤ ਵਾਸੀ ਮੁਹੰਮਦ ਨੋਸੀ ਨੇ ਦੱਸਿਆ ਕਿ ਉਸ ਦਾ ਲੜਕਾ ਮੁਹੰਮਦ ਨਾਸਿਰ (14) ਰਾਤ ਕਰੀਬ 1 ਵਜੇ ਘਰ ਬਿਨਾਂ ਦੱਸੇ ਕਿਧਰੇ ਚਲਾ ਗਿਆ ਹੈ। ਉਸ ਦੀ ਕਾਫ਼ੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲਿਆ। ਉਸ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਲੜਕੇ ਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਥਾਣੇਦਾਰ ਹਰਦੀਪ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਥਾਣਾ ਟਿੱਬਾ ਦੀ ਪੁਲੀਸ ਨੂੰ ਮਨਜੀਤ ਨਗਰ ਟਿੱਬਾ ਰੋਡ ਵਾਸੀ ਸੀਮਾ ਰਾਣੀ ਪਤਨੀ ਲੇਟ ਮਨੋਜ ਨੇ ਦੱਸਿਆ ਹੈ ਕਿ ਉਸਦਾ ਲੜਕਾ ਰਿਤਿਕ ਵਰਮਾ ਆਪਣੀ ਗੱਡੀ ਸੈਵਰਲਿੱਟ ਕਰੂਜ ਲੈ ਕੇ ਬਿਨਾਂ ਦੱਸੇ ਕਿਧਰੇ ਚਲਾ ਗਿਆ ਹੈ। ਉਸਦੀ ਕਾਫ਼ੀ ਭਾਲ ਕੀਤੀ ਗਈ ਹੈ ਪਰ ਉਹ ਨਹੀਂ ਮਿਲਿਆ। ਉਸ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਉਸ ਦੇ ਲੜਕੇ ਨੂੰ ਇੱਕ ਲੜਕੀ ਸ਼ੁਸ਼ਮਿਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਬਲਪੂਰਵਕ ਤਰੀਕੇ ਨਾਲ ਕਿਧਰੇ ਲੁਕਾ ਕੇ ਰੱਖਿਆ ਹੋਇਆ ਹੈ। ਥਾਣੇਦਾਰ ਅਮਰੀਕ ਚੰਦ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਸਾਊਥ ਸਿਟੀ ਰਹਿੰਦੀ ਸ਼ੁਸ਼ਮਿਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।