ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਅਗਸਤ
ਇੱਥੇ ਵੱਖ-ਵੱਖ ਇਲਾਕਿਆਂ ’ਚ ਹੋਏ ਸੜਕ ਹਾਦਸਿਆਂ ’ਚ ਦੋ ਬਜ਼ੁਰਗਾਂ ਦੀ ਮੌਤ ਹੋ ਗਈ। ਥਾਣਾ ਡਿਵੀਜ਼ਨ ਨੰਬਰ-6 ਦੀ ਪੁਲੀਸ ਨੂੰ ਜਨਤਾ ਨਗਰ ਜੈਮਲ ਰੋਡ ਦੀ ਵਸਨੀਕ ਨਰੇਸ਼ ਅਰੋੜਾ ਨੇ ਦੱਸਿਆ ਕਿ ਉਹ ਆਪਣੇ ਤਾਏ ਦੇ ਲੜਕੇ ਇੰਦਰ ਕੁਮਾਰ ਅਰੋੜਾ (55) ਨਾਲ ਸਵੇਰ ਦੀ ਸੈਰ ’ਤੇ ਜਾ ਰਿਹਾ ਸੀ ਜਦੋਂ ਉਹ ਜੈਮਲ ਰੋਡ ਨੇੜੇ ਰਣਜੀਤ ਕਲੱਬ ਕੋਲ ਪੁੱਜੇ ਤਾਂ ਇਕ ਵਾਹਨ ਦੇ ਚਾਲਕ ਨੇ ਇੰਦਰ ਕੁਮਾਰ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਇਲਾਜ ਲਈ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਨੇ ਵਾਹਨ (ਕਰੇਨ) ਨੰਬਰ ਪੀਬੀ-10ਜੀਕੇ7808 ਦੇ ਚਾਲਕ ਰਾਜ ਕਿਸ਼ੋਰ ਵਾਸੀ ਜਨਤਾ ਨਗਰ ਖਿਲਾਫ ਕੇਸ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ-7 ਦੀ ਪੁਲੀਸ ਨੂੰ ਚੰਡੀਗੜ੍ਹ ਰੋਡ ਜਮਾਲਪੁਰ ਵਾਸੀ ਕਮਲੇਸ਼ ਵਰਮਾ ਨੇ ਦੱਸਿਆ ਕਿ ਉਸ ਦੇ ਪਿਤਾ ਪਰਾਗੀ ਲਾਲ ਵਰਧਮਾਨ ਚੌਕ ਤੋਂ ਜਮਾਲਪੁਰ ਵੱਲ ਮੋਟਰਸਾਈਕਲ ’ਤੇ ਜਾ ਰਹੇ ਸਨ। ਇਸ ਦੌਰਾਨ ਇਕ ਵਾਹਨ ਚਾਲਕ ਨੇ ਤੇਜ਼ ਰਫ਼ਤਾਰੀ ਨਾਲ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਹੇਠਾਂ ਡਿੱਗ ਗਏ ਅਤੇ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਵੱਲੋਂ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਆਰੰਭ ਦਿੱਤੀ ਹੈੈ।